ਐਬਸਫੋਰਡ (ਡਾ ਗੁਰਵਿੰਦਰ ਸਿੰਘ) “ਸੁੰਨੀਆਂ ਪਿੰਡ ਦੀਆਂ ਗਲੀਆਂ, ਕਿਉਂ ਕਰ ਗਈ ਨਸੀਬੋ?” ਵਰਗੇ ਇਸ਼ਕ-ਮਿਜਾਜ਼ੀ ਗੀਤ ਗਾ ਕੇ ਲੋਕਾਂ ਦਾ ਦਿਲ ਜਿੱਤਣ ਵਾਲਾ, ਐਬਸਫੋਰਡ ਦੀਆਂ ਮਹਿਫਲਾਂ ਦਾ ਸ਼ਿੰਗਾਰ ਬਾਬਾ ਰਤਨ ਨਾਰੰਗ 3 ਫਰਵਰੀ ਨੂੰ ਚੜਾਈ ਕਰ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਸੀ। ਕਾਰੋਬਾਰੀ ਤੇ ਮਿਹਨਤਕਸ਼ ਰਤਨ ਨਾਰੰਗ ਪਿਛਲੀ ਅੱਧੀ ਸਦੀ ਤੋਂ, ਫਰੇਜ਼ਰ ਵੈਲੀ ਦੇ ਹਰ ਇਲਾਕੇ ‘ਚ ਧਾਰਮਿਕ ਜੋੜ-ਮੇਲਿਆਂ, ਸਭਿਆਚਾਰਕ ਮੇਲਿਆਂ ਅਤੇ ਕਿਸਾਨੀ ਮਹਿਫਲਾਂ ਵਿੱਚ ਪਹੁੰਚ ਕੇ, ਲੋਕ ਸਾਜ ‘ਛੈਣੇ’ ਵਜਾਉਂਦੇ ਹੋਏ ‘ਮਿਠੜੇ ਗੀਤ’ ਗਾਉਂਦੇ, ਜਿਹਨਾਂ ਦਾ ਸਾਥ ਕਿਤੇ ਮਿੱਤਰ ਪਿਆਰੇ ਕੁਲਦੀਪ ਕੈਂਥ ਅਤੇ ਕਿਤੇ ਹੋਰ ਸੱਜਣ ਮਿੱਤਰ ਦਿੰਦੇ। ਸਾਹਿਤਕ ਮਹਿਫਲਾਂ ‘ਚ ਜਾਣ ਵੇਲੇ ਉਹ ਹਮੇਸ਼ਾ ਸਿਰ ‘ਤੇ ਦਸਤਾਰ ਸਜਾਉਂਦੇ ਅਤੇ ਸ਼ਾਨੋ-ਸ਼ੌਕਤ ਨਾਲ ਤਿਆਰ ਹੁੰਦੇ।
ਮਰਹੂਮ ਰਤਨ ਨਾਰੰਗ ਦੇ ਪਿਤਾ ਸੁੰਦਰ ਸਿੰਘ, ਪਿੰਡ ਢੁੱਡੀਕੇ ਪੰਜਾਬ ਤੋਂ ਕੈਨੇਡਾ ‘ਚ 1915 ‘ਚ ਆਏ ਸਨ ਅਤੇ ਮਗਰੋਂ ਉਹਨਾਂ ਦੀ ਪਤਨੀ ਸੰਤ ਕੌਰ ਇਥੇ ਆਈ।1930 ‘ਚ ਇਹ ਜੋੜੀ ਪੰਜਾਬ ਪਰਤ ਗਈ, ਜਿੱਥੇ 6 ਦਸੰਬਰ 1936 ਵਿੱਚ ਰਤਨ ਨਾਰੰਗ ਦਾ ਜਨਮ ਹੋਇਆ। ਰਤਨ ਜੀ ਕਰੀਬ 16 ਸਾਲ ਦੀ ਉਮਰ ‘ਚ ਸੰਨ 1952 ‘ਚ ਕੈਨੇਡਾ ਆ ਗਏ ਤੇ ਇੱਥੇ ਪੋਰਟ ਅਲਬਰਨੀ ‘ਚ ਪੜਾਈ ਕੀਤੀ। ਉਸ ਤੋਂ ਮਗਰੋ ਪਾਲਦੀ ਨੇੜੇ, ਮਿੱਲਾਂ ‘ਚ ਕੰਮ ਕੀਤਾ ਤੇ ਸੰਘਰਸ਼ਮਈ ਜ਼ਿੰਦਗੀ ਬਤੀਤ ਕੀਤੀ। ਆਪ ਦਾ ਵਿਆਹ 1958 ‘ਚ ਬੀਬੀ ਰਮੇਸ਼ ਰਾਣੀ ਨਾਲ ਹੋਇਆ ਅਤੇ ਗ੍ਰਹਿ ਵਿਖੇ ਦੋ ਪੁੱਤ ਅਤੇ ਇੱਕ ਧੀ ਜਨਮੇ।
ਔਲਾਦ ਪੱਖੋਂ ਚਾਰ ਪੀੜ੍ਹੀਆਂ ਦਾ ਸੁੱਖ ਮਾਨਣ ਵਾਲੇ ਰਤਨ ਨਾਰੰਗ ਬੇਹਦ ਹਸਮੁਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਹ ਪਿਛਲੇ ਚਾਰ ਦਹਾਕਿਆਂ ਤੋਂ ਐਬਸਫੋਰਡ ਰਹਿ ਰਹੇ ਸਨ ਅਤੇ ਸਾਹਿਤ ਸਭਾਵਾਂ ਵਿੱਚ ਵਧ-ਚੜ ਕੇ ਸ਼ਾਮਲ ਹੁੰਦੇ ਸਨ। 89 ਸਾਲਾ ਰਤਨ ਜੀ ਆਪਣੇ ਜੀਵਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਅਤੇ ਐਬਸਫੋਰਡ ਹਸਪਤਾਲ ‘ਚ ਇਲਾਜ ਅਧੀਨ, ਪਰ ਚੜ੍ਹਦੀ ਕਲਾ ਵਿੱਚ ਸਨ। ਜੀਵਨ ਸਫਰ ਦੀ ਸਮਾਪਤੀ ਲਈ ਤਿਆਰ-ਬਰ-ਤਿਆਰ ਰਤਨ ਨਾਰੰਗ ਨੇ ਕੁਝ ਦਿਨ ਪਹਿਲਾਂ ਮੈਨੂੰ ਹਸਪਤਾਲ ‘ਚ ਆਉਣ ਲਈ ਕਿਹਾ ਅਤੇ ਆਪਣੇ ਆਖਰੀ ਸੰਸਕਾਰਾਂ ਸਬੰਧੀ ਮਸ਼ਵਰੇ, ਹੱਸਦਿਆਂ ਹੋਇਆਂ ਚੜ੍ਹਦੀ ਕਲਾ ਚ ਸਾਂਝੇ ਕੀਤੇ, ਜੋ ਕਿ ਬੇਹਦ ਪ੍ਰੇਰਨਾਦਾਇਕ ਗੱਲ ਹੈ। ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ਰਤਨ ਨਾਰੰਗ ਜੀ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਹੈ।
ਰਤਨ ਨਾਰੰਗ ਜੀ ਦਾ ਅੰਤਿਮ ਸੰਸਕਾਰ 7 ਫਰਵਰੀ ਦਿਨ ਸ਼ਨੀਵਾਰ ਨੂੰ ਰਿਵਰ ਸਾਈਡ ਸਮਸ਼ਾਨਘਾਟ ਐਬਸਫੋਰਡ ਵਿਖੇ ਬਾਅਦ ਦੁਪਹਿਰ 3 ਵਜੇ ਹੋਏਗਾ ਅਤੇ ਉਸ ਤੋਂ ਮਗਰੋਂ ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ ਵਿਖੇ ਸਹਿਜ ਪਾਠ ਦੇ ਭੋਗ ਅਤੇ ਅਰਦਾਸ ਸ਼ਾਮੀ 5 ਵਜੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਪੁੱਤਰ ਮਨਜੀਤ ਨਾਰੰਗ (778 549 5844 ) ਜਾਂ ਪੋਤਰੇ ਵਿਸ਼ਾਲ ਨਾਲ 778 779 2784 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਬਸਫੋਰਡ ਦੀਆਂ ਗਲੀਆਂ ਸੁੰਨੀਆਂ ਕਰ ਗਿਆ ਪੰਜਾਬੀ ਮਹਿਫਲਾਂ ਦਾ ‘ਰਤਨ’

