15.5 C
Vancouver
Sunday, June 14, 2026

ਮਹਾਰਾਜਾ ਰਣਜੀਤ ਸਿੰਘ : ਹਕੀਕਤ ਬਨਾਮ ਅਫ਼ਸਾਨੇ

ਰਣਜੀਤ ਪਵਾਰ,
ਈ-ਮੇਲ: ranjitpowar@gmail.com
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਲ ਪੰਜਾਬ ਤੇ ਹਿੰਦੋਸਤਾਨ ਦੇ ਇਤਿਹਾਸ ਵਿੱਚ ਬਹੁਤ ਗੌਰਵਮਈ ਸਥਾਨ ਰੱਖਦਾ ਹੈ ਕਿਉਂਕਿ ਇਹ ਨਿਆਂ, ਖ਼ੁਦਮੁਖ਼ਤਿਆਰੀ ਤੇ ਨੈਤਿਕ ਸ਼ਾਸਨ ਦਾ ਪ੍ਰਮਾਣ ਮੰਨਿਆ ਜਾਂਦਾ ਹੈ। ਮਹਾਰਾਜੇ ਦੀਆਂ ਜੰਗਾਂ ਤੇ ਜਿੱਤਾਂ ਬਾਰੇ ਤਾਂ ਅਸੀਂ ਕਾਫ਼ੀ ਕੁਝ ਜਾਣਦੇ ਹਾਂ, ਪਰ ਇਸ ਬਾਰੇ ਅਸੀਂ ਬਹੁਤਾ ਨਹੀਂ ਜਾਣਦੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਕਿਹੋ ਜਿਹੀ ਸੀ? ਉਸ ਦੀਆਂ ਰੁਚੀਆਂ ਕੀ ਸਨ? ਉਸ ਦੀ ਪਸੰਦ-ਨਾਪਸੰਦ ਕੀ ਸੀ? ਉਸ ਦੀ ਸੋਚ ਕਿਹੋ ਜਿਹੀ ਸੀ? ਕਿਹੜੀਆਂ ਖ਼ੂਬੀਆਂ ਨੇ ਉਸ ਨੂੰ ਪੰਜਾਬ, ਹਿੰਦੋਸਤਾਨ ਤੇ ਦੁਨੀਆ ਦੇ ਇਤਿਹਾਸ ਵਿੱਚ ਅਮਰ ਕਰ ਦਿੱਤਾ?
ਕਹਿੰਦੇ ਨੇ ਕਿ ਇਤਿਹਾਸ ਦੇ ਸਫ਼ੇ ਉਸ ਨੂੰ ਲਿਖਣ ਵਾਲੇ ਨਿਜ਼ਾਮ ਦੇ ਨਜ਼ਰੀਏ ਨੂੰ ਦਰਸਾਉਂਦੇ ਹਨ। ਸਿੱਖ ਇਤਿਹਾਸਕਾਰ ਮਹਾਰਾਜੇ ਦੇ ਰਾਜਕਾਲ ਨੂੰ ਸਿੱਖਾਂ ਦਾ ਸੁਨਹਿਰੀ ਸਮਾਂ ਮੰਨਦਿਆਂ ਉਸ ਨੂੰ ‘ਸ਼ੇਰ-ਏ-ਪੰਜਾਬ’ ਦਾ ਖਿਤਾਬ ਦਿੰਦੇ ਨੇ, ਪਰ ਕਈ ਅੰਗਰੇਜ਼ ਇਤਿਹਾਸਕਾਰ ਉਸ ਦੀ ਸ਼ਖ਼ਸੀਅਤ ਨੂੰ ਸ਼ੌਕੀਨ ਮਿਜਾਜ਼ ਦੀ ਰੰਗਤ ਵਿੱਚ ਪੇਸ਼ ਕਰਦੇ ਨੇ। ਵਿਲੀਅਮ ਮੂਰਕ੍ਰਾਫਟ ਤੇ ਵਿਕਟਰ ਜੈਕਮੌਂਟ ਨੇ ਰਣਜੀਤ ਸਿੰਘ ਨੂੰ ਇੱਕ ਅੱਯਾਸ਼ ਅਤੇ ਤਾਕਤ ਦਾ ਭੁੱਖਾ ਦੱਸਿਆ। ਕਈ ਇਤਿਹਾਸਕਾਰਾਂ ਨੇ ਰਣਜੀਤ ਸਿੰਘ ਦੀਆਂ ਬਹੁਤ ਸਾਰੀ ਸ਼ਾਦੀਆਂ ਤੇ ਰਖੇਲਾਂ ਦਾ ਮਸਲਾ ਉਛਾਲਿਆ।
ਆਖ਼ਰ ਮਹਾਰਾਜਾ ਰਣਜੀਤ ਸਿੰਘ ਕਿਹੋ ਜਿਹਾ ਇਨਸਾਨ ਸੀ? ਇਤਿਹਾਸਕਾਰ ਪ੍ਰਿੰਸਿਪ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅੱਖਾਂ ਚੁੰਧਿਆ ਦੇਣ ਵਾਲੀ ਸ਼ਾਨੋ-ਸ਼ੌਕਤ ਵਾਲਾ ਸੀ, ਪਰ ਮਹਾਰਾਜਾ ਖ਼ੁਦ ਅਕਸਰ ਬਹੁਤ ਹੀ ਸਾਦਾ ਲਿਬਾਸ ਪਹਿਨਦਾ। ਉਸ ਦਾ ਜਾਮਾ ਸਫ਼ੇਦ ਜਾਂ ਕੇਸਰੀ ਹੁੰਦਾ। ਉਹ ਆਮ ਤੌਰ ’ਤੇ ਗਹਿਣੇ ਨਹੀਂ ਸੀ ਪਹਿਨਦਾ। ਹਾਲਾਂਕਿ ਉਸ ਦਾ ਤੋਸ਼ਾਖਾਨਾ ਬਿਹਤਰੀਨ ਸੁੱਚੇ ਮੋਤੀਆਂ ਅਤੇ ਹੀਰੇ ਜਵਾਹਰਾਤ ਨਾਲ ਭਰਪੂਰ ਸੀ। ਖ਼ਾਸ ਮੌਕਿਆਂ ’ਤੇ ਮਹਾਰਾਜਾ ਵੱਡੇ ਆਕਾਰ ਦੇ 300 ਨਾਯਾਬ ਮੋਤੀਆਂ ਦੀ ਮਾਲਾ ਤੇ ਖੱਬੀ ਬਾਂਹ ’ਤੇ ਕੋਹਿਨੂਰ ਜੜਿਆ ਬੇਜੋੜ ਬਾਜ਼ੂਬੰਦ ਪਹਿਨਦਾ ਸੀ। ਰਣਜੀਤ ਸਿੰਘ ਆਪਣੇ ਆਪ ਨੂੰ ਮਹਾਰਾਜਾ ਨਹੀਂ ਸੀ ਅਖਵਾਉਂਦਾ। ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਆਖਣ ਵਾਲਾ ਰਣਜੀਤ ਸਿੰਘ ਖ਼ੁਦ ਲਈ ‘ਸਰਕਾਰ’ ਦਾ ਸੰਬੋਧਨ ਹੀ ਪਸੰਦ ਕਰਦਾ। ਉਹ ਹੋਰ ਮਹਾਰਾਜਿਆਂ ਵਾਂਗ ਤਖ਼ਤ ’ਤੇ ਨਹੀਂ ਸਗੋਂ ਇੱਕ ਆਮ ਗੋਲ ਕੁਰਸੀ ’ਤੇ ਇੱਕ ਪੈਰ ਉੱਪਰ ਮੋੜ ਕੇ ਬੜੇ ਗ਼ੈਰ-ਰਸਮੀ ਤਰੀਕੇ ਨਾਲ ਬੈਠਦਾ। ਆਪਣੇ ਸਾਫ਼ੇ ’ਤੇ ਕੋਈ ਸ਼ਾਹੀ ਕਲਗੀ ਨਾ ਸਜਾਉਂਦਾ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਹਾਰਾਜੇ ਦੇ ਵਜ਼ੀਰ, ਸਰਦਾਰ, ਦਰਬਾਰੀ ਤੇ ਰਾਣੀਆਂ ਬਹੁਤ ਫੱਬਵੇਂ ਲਿਬਾਸ ਤੇ ਗਹਿਣੇ ਪਹਿਨਦੇ। ਇਸ ਦੇ ਬਾਵਜੂਦ ਛਾਂਟਵੇਂ ਸਰੀਰ, ਮਧਰੇ ਕੱਦ ਅਤੇ ਚਿਹਰੇ ’ਤੇ ਚੇਚਕ ਦੇ ਦਾਗਾਂ ਵਾਲੇ ਇਸ ਸਾਦੇ ਸ਼ਖ਼ਸ ਦੀ ਦਿਲਕਸ਼ ਸ਼ਖ਼ਸੀਅਤ ਸਭ ਤੋਂ ਪ੍ਰਭਾਵਸ਼ਾਲੀ ਦਿਸਦੀ।
ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਉਸ ਸਮੇਂ ਦਾ ਇੱਕ ਜ਼ੋਰਾਵਰ ਮਹਾਰਾਜਾ ਏਨਾ ਸਾਦਗੀਪਸੰਦ ਤੇ ਰਾਜਸੀ ਤੜਕ ਭੜਕ ਤੋਂ ਦੂਰ ਸੀ। ਮਹਾਰਾਜਾ ਕਹਿੰਦਾ ਸੀ, ‘‘ਮੈਂ ਇੱਕ ਕਿਸਾਨ ਤੇ ਸਿਪਾਹੀ ਹਾਂ। ਮੈਨੂੰ ਬਾਹਰੀ ਅਲੰਕਾਰਾਂ ਵਿੱਚ ਕੋਈ ਦਿਲਚਸਪੀ ਨਹੀਂ। ਸ਼ੋਹਰਤ ਹਾਸਿਲ ਕਰਨ ਲਈ ਮੇਰੀ ਤਲਵਾਰ ਹੀ ਮੇਰੇ ਲਈ ਕਾਫ਼ੀ ਹੈ।’’ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਰਣਜੀਤ ਸਿੰਘ ਇੱਕ ਬਹੁਤ ਪਰਿਪੱਕ ਤੇ ਆਤਮ-ਵਿਸ਼ਵਾਸੀ ਵਿਅਕਤੀ ਸੀ।
ਆਮ ਰਾਜਿਆਂ ਵਾਂਗ ਉਸ ਨੂੰ ਸ਼ਾਨਦਾਰ ਦਿਸਣ ਦੀ ਪਰਵਾਹ ਨਹੀਂ ਸੀ। ਰਣਜੀਤ ਸਿੰਘ ਦੇ ਡੋਗਰੇ ਵਜ਼ੀਰ ਰਾਜਾ ਧਿਆਨ ਸਿੰਘ, ਰਾਜਾ ਗੁਲਾਬ ਤੇ ਰਾਜਾ ਸੁਚੇਤ ਸਿੰਘ ਬਹੁਤ ਖ਼ੂਬਸੂਰਤ ਲਿਬਾਸ ਪਹਿਨਦੇ, ਪਰ ਮਹਾਰਾਜੇ ਨੂੰ ਇਸ ਨਾਲ ਕੋਈ ਨਿੱਜੀ ਕਮਤਰੀ ਦਾ ਅਹਿਸਾਸ ਨਾ ਹੁੰਦਾ। ਯਾਦ ਰਹੇ ਕਿ ਉਸ ਵਕਤ ਪੱਛਮੀ ਮੁਲਕਾਂ ਦੇ ਰਾਜੇ ਸ਼ਾਨਦਾਰ ਹੀਰੇ ਮੋਤੀਆਂ ਜੜੇ ਤਾਜ ਪਹਿਨਦੇ ਤੇ ਕਈ ਤਾਂ ਕੁਝ ਖ਼ਾਸ ਰੰਗ ਵੀ ਸਿਰਫ਼ ਰਾਜਸੀ ਜਾਮਿਆਂ ਲਈ ਹੀ ਰਾਖਵੇਂ ਕਰ ਦਿੰਦੇ ਤੇ ਕੋਈ ਆਮ ਆਦਮੀ ਉਹ ਰੰਗ ਪਹਿਨ ਕੇ ਉਨ੍ਹਾਂ ਦੀ ਬਰਾਬਰੀ ਨਾ ਕਰ ਸਕਦਾ।
ਰਣਜੀਤ ਸਿੰਘ ਸੰਗੀਤ ਤੇ ਨ੍ਰਿਤ ਦਾ ਸ਼ੌਕੀਨ ਸੀ ਤੇ ਉਸ ਦੇ ਦਰਬਾਰ ਵਿੱਚ ਦਿਨ ਤਿਉਹਾਰ ਬਹੁਤ ਸ਼ਾਨਦਾਰ ਢੰਗ ਨਾਲ ਮਨਾਏ ਜਾਂਦੇ। ਰਣਜੀਤ ਸਿੰਘ ’ਤੇ ਅੰਗਰੇਜ਼ ਇਤਿਹਾਸਕਾਰਾਂ ਵੱਲੋਂ ਬਦਨਾਮ ਕਰਨ ਹਿੱਤ ਨਸ਼ਾ ਕਰਨ ਦੇ ਲਾਏ ਜਾਂਦੇ ਦੋਸ਼ ਤੱਥਾਂ ’ਤੇ ਖ਼ਰੇ ਨਹੀਂ ਉੱਤਰਦੇ। ਕੀ ਇਹ ਮੰਨਣਯੋਗ ਹੈ ਕਿ ਜਿਸ ਜ਼ਮਾਨੇ ਵਿੱਚ ਬਾਹੂਬਲ ਦੇ ਸਹਾਰੇ ਜੰਗਾਂ ਜਿੱਤੀਆਂ ਜਾਂਦੀਆਂ ਸਨ, ਕੋਈ ਅਜਿਹਾ ਸ਼ਖ਼ਸ ਇੰਨਾ ਤਾਕਤਵਰ ਤੇ ਨਾਮਵਰ ਮਹਾਰਾਜਾ ਬਣ ਸਕਦਾ ਸੀ? ਯਾਦ ਰਹੇ ਕਿ ਰਣਜੀਤ ਸਿੰਘ ਨੇ ਆਪਣਾ ਰਾਜ ਆਪਣੇ ਬਾਪ ਦਾਦਿਆਂ ਤੋਂ ਵਿਰਾਸਤ ਵਿੱਚ ਨਹੀਂ ਸੀ ਪਾਇਆ, ਆਪ ਆਪਣੇ ਬਲਬੂਤੇ ’ਤੇ ਹਾਸਿਲ ਕੀਤਾ ਸੀ। ਮਹਾਰਾਜਾ ਨਿਤਨੇਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦਾ ਤੇ ਘੁੜਸਵਾਰੀ ਲਈ ਜਾਂਦਾ। ਘੋੜਿਆਂ ਨਾਲ ਉਸ ਨੂੰ ਖ਼ਾਸ ਪਿਆਰ ਸੀ। ਉਸ ਦੀ ਸਭ ਤੋਂ ਪਿਆਰੀ ਘੋੜੀ ਲੈਲਾ ਹਾਸਿਲ ਕਰਨ ਲਈ ਉਸ ਨੇ ਅਫ਼ਗ਼ਾਨ ਦੇ ਸ਼ਾਹ ਸ਼ੁਜਾ ਦੁੱਰਾਨੀ ਨਾਲ ਜੰਗ ਵੀ ਲੜੀ। ਰਣਜੀਤ ਸਿੰਘ ਬੇਮਿਸਾਲ ਤਲਵਾਰਬਾਜ਼ ਸੀ ਜਿਸ ਸਦਕਾ ਉਸ ਨੇ ਕਈ ਜੰਗਾਂ ਫ਼ਤਹਿ ਕਰਕੇ ਵਿਸ਼ਾਲ ਰਾਜ ਖੜ੍ਹਾ ਕੀਤਾ। ਕੀ ਨਸ਼ੇ ਦੀ ਵਰਤੋਂ ਕਰਨ ਵਾਲੇ ਕਿਸੇ ਸ਼ਖ਼ਸ ਲਈ ਅਜਿਹਾ ਨਿੱਜੀ ਅਨੁਸ਼ਾਸਨ ਤੇ ਮੁਹਾਰਤ ਸੰਭਵ ਹੈ? ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਸ਼ਰਾਬ ਪੀਂਦਾ ਸੀ, ਪਰ ਉਸ ਦੀ ਜੀਵਨ ਸ਼ੈਲੀ ਗਵਾਹ ਹੈ ਕਿ ਉਹ ਸ਼ਰਾਬ ਦਾ ਗ਼ੁਲਾਮ ਨਹੀਂ ਸੀ।
ਇਹ ਸਹੀ ਹੈ ਕਿ ਮਹਾਰਾਜੇ ਦੇ ਰਣਵਾਸ ਵਿੱਚ ਚਾਲੀ ਰਾਣੀਆਂ ਤੇ ਕਈ ਰਖੇਲਾਂ ਸਨ। ਉਸ ਨੂੰ ਸ਼ੌਕੀਨ ਮਿਜ਼ਾਜ ਮੰਨਿਆ ਜਾ ਸਕਦਾ ਹੈ, ਪਰ ਇਹ ਉਸ ਵੇਲੇ ਦੇ ਬਹੁਤੇ ਹਾਕਮਾਂ ਦਾ ਸੱਚ ਸੀ। ਆਪਣੀ ਤਾਕਤ ਤੇ ਰਿਆਸਤ ਵਧਾਉਣ ਲਈ ਰਾਜਸੀ ਤਾਕਤਾਂ ਬੜੇ ਪੈਂਤੜੇ ਖੇਡਦੀਆਂ ਨੇ। ਰਣਜੀਤ ਸਿੰਘ ਵੀ ਇਸ ਵਿੱਚ ਮਾਹਿਰ ਸੀ।
ਬਹੁਤ ਸਾਰੇ ਵਿਆਹ ਉਸ ਨੇ ਰਾਜਨੀਤਕ ਰਿਸ਼ਤੇ ਬਣਾਉਣ ਲਈ ਕੀਤੇ ਜਿਵੇਂ ਨਕੱਈ ਮਿਸਲ ਦੀ ਮਹਾਰਾਣੀ ਦਾਤਾਰ ਕੌਰ ਨਾਲ, ਕਨ੍ਹੱਈਆ ਮਿਸਲ ਦੀ ਮਹਾਰਾਣੀ ਮਹਿਤਾਬ ਕੌਰ, ਫੂਲਕੀਆਂ ਮਿਸਲ ਦੀ ਰਾਣੀ ਰਾਜ ਕੌਰ, ਕਾਂਗੜਾ ਰਾਜ ਦੀਆਂ ਰਾਣੀਆਂ ਰਾਜ ਬੰਸੋ ਤੇ ਮਹਿਤਾਬ ਦੇਵੀ ਨਾਲ। ਉਸ ਨੇ ਸਾਹਿਬ ਸਿੰਘ ਭੰਗੀ ਦੀਆਂ ਵਿਧਵਾਵਾਂ ਰਾਣੀ ਦਯਾ ਕੌਰ ਤੇ ਰਤਨ ਕੌਰ ਨਾਲ ਉਨ੍ਹਾਂ ਦੀਆਂ ਜਾਗੀਰਾਂ ਹਾਸਿਲ ਕਰਨ ਲਈ ਸ਼ਾਦੀਆਂ ਕੀਤੀਆਂ। ਇਸ ਤੋਂ ਇਲਾਵਾ ਲਾਹੌਰ ਦੀ ਮਸ਼ਹੂਰ ਨਰਤਕੀ ਮੋਰਾਂ ਤੇ ਗੁਲਬਹਾਰ ਬੇਗ਼ਮ ਨਾਲ ਵੀ ਵਿਆਹ ਕੀਤਾ। ਮੋਰਾਂ ਨੂੰ ਮਹਾਰਾਜੇ ਨੇ ‘ਮੋਰਾਂ ਸਰਕਾਰ’ ਦਾ ਖਿਤਾਬ ਵੀ ਦਿੱਤਾ, ਜੋ ਮਹਾਰਾਜੇ ਲਈ ਸਮਾਜਿਕ ਨਿੰਦਾ ਦਾ ਕਾਰਨ ਬਣਿਆ। ਇਸ ਕੁਤਾਹੀ ਲਈ ਰਣਜੀਤ ਸਿੰਘ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਇਲਾਹੀ ਅਦਾਲਤ, ਸ੍ਰੀ ਅਕਾਲ ਤਖ਼ਤ ’ਤੇ ਤਲਬ ਕਰਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ। ਮਹਾਰਾਜੇ ਨੇ ਇੱਕ ਨਿਮਾਣੇ ਸਿੱਖ ਦੀ ਹੈਸੀਅਤ ਨਾਲ ਇਹ ਹਾਜ਼ਰੀ ਭਰੀ ਤੇ ਸਜ਼ਾ ਕਬੂਲ ਕੀਤੀ, ਜੋ ਕਿ ਬਾਅਦ ਵਿੱਚ ਮੁਆਫ਼ ਕਰ ਦਿੱਤੀ ਗਈ। ਇੱਕ ਤਾਕਤਵਰ ਮਹਾਰਾਜੇ ਵਿੱਚ ਅਜਿਹੀ ਨਿਮਰਤਾ ਦੀ ਮਿਸਾਲ ਸ਼ਾਇਦ ਹੀ ਕਿਤੇ ਮਿਲੇ। ਵਰਤਮਾਨ ਸਮੇਂ ਦੇ ਸੰਦਰਭ ਵਿੱਚ ਅਸੀਂ ਕਿਸੇ ਆਦਮੀ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਦੀਆਂ ਕਰਵਾਉਣੀਆਂ ਗ਼ਲਤ ਮੰਨਦੇ ਹਾਂ, ਪਰ 19ਵੀਂ ਸਦੀ ਦੇ ਰਾਜਿਆਂ ਮਹਾਰਾਜਿਆਂ ਲਈ ਇਹ ਕੋਈ ਅਨੋਖੀ ਗੱਲ ਨਹੀਂ ਸੀ। ਅਕਸਰ ਉਨ੍ਹਾਂ ਦੇ ਹਰਮ ਜਾਂ ਰਣਵਾਸ ਵਿੱਚ ਰਾਣੀਆਂ ਦੀ ਗਿਣਤੀ ਉਨ੍ਹਾਂ ਦੀ ਤਾਕਤ ਤੇ ਖ਼ਜ਼ਾਨੇ ਨੂੰ ਦਰਸਾਉਣ ਦਾ ਮਾਪਦੰਡ ਹੁੰਦੀ ਸੀ।
ਇਤਿਹਾਸਕਾਰਾਂ ਵੱਲੋਂ ਮਹਾਰਾਜੇ ’ਤੇ ਸਭ ਤੋਂ ਸੰਗੀਨ ਦੋਸ਼ ਇਹ ਲਗਾਇਆ ਜਾਂਦਾ ਹੈ ਕਿ ਉਸ ਦੀ ਕੁੱਲ ਹਕੂਮਤ ਤੇ ਪ੍ਰਬੰਧ ਉਸ ਦੀ ਆਪਣੀ ਸ਼ਖ਼ਸੀਅਤ ਦੇ ਕ੍ਰਿਸ਼ਮੇ ਦੁਆਲੇ ਘੁੰਮਦੀ ਸੀ। ਉਸ ਨੇ ਕੋਈ ਅਜਿਹਾ ਸਥਾਈ ਨਿਜ਼ਾਮ ਖੜ੍ਹਾ ਨਹੀਂ ਕੀਤਾ ਜੋ ਉਸ ਦੇ ਜਾਣ ਤੋਂ ਬਾਅਦ ਪੰਜਾਬ ਵਿੱਚ ਲਗਾਤਾਰਤਾ ਤੇ ਸਥਿਰਤਾ ਕਾਇਮ ਰੱਖ ਸਕਦਾ। ਬਦਕਿਸਮਤੀ ਨਾਲ ਰਣਜੀਤ ਸਿੰਘ ਦਾ ਵੱਡਾ ਪੁੱਤਰ ਤੇ ਗੱਦੀਨਸ਼ੀਨ ਟਿੱਕਾ ਖੜਕ ਸਿੰਘ ਨਾਕਾਬਿਲ ਤੇ ਦਿਮਾਗ਼ੀ ਤੌਰ ’ਤੇ ਕਮਜ਼ੋਰ ਹੋਣ ਕਰਕੇ ਰਾਜ ਸੰਭਾਲਣ ਦੇ ਕਾਬਿਲ ਨਹੀਂ ਸੀ, ਪਰ ਇਹ ਕਹਿਣਾ ਗ਼ਲਤ ਹੋਵੇਗਾ ਕਿ ਮਹਾਰਾਜੇ ਨੇ ਸਾਰੀ ਰਾਜਨੀਤਕ ਤਾਕਤ ਆਪਣੇ ਪਾਸ ਹੀ ਰੱਖੀ। ਉਸ ਸਮੇਂ ਦੇ ਨਿਜ਼ਾਮ ਨੂੰ ਅੱਜ ਦੇ ਲੋਕਤੰਤਰ ਨਾਲ ਨਹੀਂ ਤੋਲਿਆ ਜਾ ਸਕਦਾ। ਰਣਜੀਤ ਸਿੰਘ ਨੇ ਆਪਣੇ ਭਰੋਸੇਯੋਗ ਵਜ਼ੀਰਾਂ ਨੂੰ ਬਹੁਤ ਸਿਆਸੀ ਤਾਕਤਾਂ ਦਿੱਤੀਆਂ ਸਨ। ਅਫ਼ਸੋਸ ਦੀ ਗੱਲ ਇਹ ਹੈ ਕਿ ਉਸ ਦੇ ਗੱਦਾਰ ਡੋਗਰੇ ਵਜ਼ੀਰਾਂ ਨੇ ਮਹਾਰਾਜੇ ਦੀ ਬਿਮਾਰੀ ਤੇ ਮੌਤ ਤੋਂ ਬਾਅਦ ਗੱਦੀ ਤੇ ਖ਼ਜ਼ਾਨਾ ਹਥਿਆਉਣ ਦੇ ਲਾਲਚ ਵਿੱਚ ‘ਸਰਕਾਰ-ਏ-ਖ਼ਾਲਸਾ’ ਤੇ ਪੰਜਾਬ ਨੂੰ ਤਬਾਹ ਕਰ ਦਿੱਤਾ।
ਸਿਰਕੱਢ ਸ਼ਾਸਕਾਂ ਦੀ ਮੌਤ ਤੋਂ ਬਾਅਦ ਇਤਿਹਾਸਕਾਰਾਂ ਵੱਲੋਂ ਉਨ੍ਹਾਂ ਦੇ ਰਾਜਕਾਲ ਤੇ ਸ਼ਖ਼ਸੀਅਤ ਬਾਰੇ ਚਰਚਾ ਤੇ ਨੁਕਤਾਚੀਨੀ ਹੋਣੀ ਸੁਭਾਵਿਕ ਹੈ। ਸਭ ਦਾ ਨਜ਼ਰੀਆ ਵੱਖੋ-ਵੱਖਰਾ ਹੋ ਸਕਦਾ ਹੈ। ਦਰਅਸਲ, ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਹਸਤੀ ਹੋਣ ਦੇ ਬਾਵਜੂਦ ਇੱਕ ਇਨਸਾਨ ਸੀ, ਫ਼ਰਿਸ਼ਤਾ ਨਹੀਂ। ਰਣਜੀਤ ਸਿੰਘ ਦਾ ਨਾਮ ਉਸ ਦੀ ਮੌਤ ਤੋਂ ਦੋ ਸੌ ਸਾਲ ਬਾਅਦ ਵੀ ਦੁਨੀਆ ਵਿੱਚ ਬਹੁਤ ਅਦਬ ਨਾਲ ਲਿਆ ਜਾਂਦਾ ਹੈ, ਜੋ ਕੋਈ ਘੱਟ ਪ੍ਰਾਪਤੀ ਨਹੀਂ ਹੈ।

ਰੁਝਾਨ ਖਬਰਾਂ