10.1 C
Vancouver
Sunday, June 7, 2026

ਚੇਅਰਮੈਨ ਭੱਲਾ ਨੇ ਸਿਹਤ ਬੀਮਾ ਯੋਜਨਾ ਦੇ ਬਣ ਰਹੇ ਕਾਰਡਾਂ ਦਾ ਜਾਇਜ਼ਾ ਲਿਆ

ਭਗਤਾ ਭਾਈਕਾ (ਵੀਰਪਾਲ ਭਗਤਾ): ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਯੋਜਨਾ ਅਧੀਨ ਬਣ ਰਹੇ ਸਿਹਤ ਬੀਮਾ ਕਾਰਡਾਂ ਦੇ ਕੰਮ ਦਾ ਜਾਇਜ਼ਾ ਲੈਣ ਲਈ ਜਤਿੰਦਰ ਸਿੰਘ ਭੱਲਾ ਨੇ ਸਥਾਨਕ ਕੇਂਦਰਾਂ ਦਾ ਦੌਰਾ ਕੀਤਾ ਅਤੇ ਉਥੇ ਚੱਲ ਰਹੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਭੱਲਾ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਗਰੀਬ, ਮੱਧ ਵਰਗ ਅਤੇ ਲੋੜਵੰਦ ਪਰਿਵਾਰਾਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸਿਹਤ ਬੀਮਾ ਕਾਰਡ ਬਣਵਾਉਣ ਲਈ ਲੋਕ ਸਵੇਰ ਤੋਂ ਹੀ ਕੇਂਦਰਾਂ ’ਤੇ ਪਹੁੰਚ ਰਹੇ ਹਨ ਅਤੇ ਹਰ ਵਰਗ ਦੇ ਨਾਗਰਿਕ ਇਸ ਯੋਜਨਾ ਦਾ ਲਾਭ ਲੈਣ ਲਈ ਉਤਸੁਕ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਹੁਣ ਕਿਸੇ ਨੂੰ ਵੀ ਮਹਿੰਗੇ ਇਲਾਜ ਦੀ ਚਿੰਤਾ ਨਹੀਂ ਰਹੇਗੀ। ਭੱਲਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਇਸ ਵਿੱਚ ਵੱਡੀਆਂ ਸਰਜਰੀਆਂ, ਗੰਭੀਰ ਬਿਮਾਰੀਆਂ ਦਾ ਇਲਾਜ, ਦਵਾਈਆਂ ਅਤੇ ਹਸਪਤਾਲ ਵਿੱਚ ਦਾਖ਼ਲੇ ਨਾਲ ਸਬੰਧਤ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਸਿਰਫ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵੰਚਿਤ ਨਾ ਰਹੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ, ਤੇਜ਼ ਅਤੇ ਸੁਚਾਰੂ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਨਾਲ ਹੀ ਉਨ੍ਹਾਂ ਕੈਂਪਾਂ ਵਿੱਚ ਮੌਜੂਦ ਸਹੂਲਤਾਂ, ਬੈਠਣ ਦੀ ਵਿਵਸਥਾ ਅਤੇ ਜਾਣਕਾਰੀ ਦੇ ਪ੍ਰਬੰਧਾਂ ’ਤੇ ਵੀ ਸੰਤੁਸ਼ਟੀ ਜ਼ਾਹਰ ਕੀਤੀ। ਭੱਲਾ ਨੇ ਦਾਅਵਾ ਕੀਤਾ ਕਿ ਅੰਦਾਜ਼ੇ ਮੁਤਾਬਕ ਲੱਖਾਂ ਲੋਕ ਇਸ ਯੋਜਨਾ ਦਾ ਲਾਭ ਲੈਣਗੇ, ਜਿਸ ਨਾਲ ਪੰਜਾਬ ਦੀ ਸਿਹਤ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੇ ਸਿਹਤ ਬੀਮਾ ਕਾਰਡ ਜ਼ਰੂਰ ਬਣਵਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਪੂਰਾ ਲਾਭ ਲੈਣ। ਇਸ ਮੌਕੇ ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਭੁਪਿੰਦਰ ਸਿੰਘ ਗੁਰੂਸਰ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਬਰਾੜ, ਜਰਨੈਲ ਸਿੰਘ ਆਪ ਆਗੂ, ਪ੍ਰਿਥੀਪਾਲ ਸਿੰਘ, ਰਾਜਾ ਸਿੰਘ ਹਮੀਰਗੜ੍ਹ, ਰਣਜੀਤ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਬ੍ਰਿਜਪਾਲ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਮਨਪ੍ਰੀਤ ਸਿੰਘ ਸੀਐਸ ਸੈਂਟਰ ਅਤੇ ਕੁਲਦੀਪ ਸਿੰਘ ਸਾਬਕਾ ਕਲੱਬ ਪ੍ਰਧਾਨ ਆਦਿ ਹਾਜਰ ਸਨ।

ਰੁਝਾਨ ਖਬਰਾਂ