15.5 C
Vancouver
Sunday, June 14, 2026

ਕੈਨੇਡੀਅਨ ਸਿਟੀਜ਼ਨਸ਼ਿੱਪ ਬਹੁ-ਸੱਭਿਆਚਾਰ, ਬਹੁ-ਧਰਮ ਤੇ ਬਹੁ-ਭਾਸ਼ਾ ਦਾ ਪ੍ਰਤੀਬਿੰਬ ਹੈ

ਸੁਰਿੰਦਰ ਸਿੰਘ ਜੱਬਲ
10 ਦਸੰਬਰ 2025 ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਤੇ 8580-132 ਸਟਰੀਟ ਸਰੀ ਸਥਿਤ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿਚ ਕਮਿਉਨਿਟੀ ਦੇ ਪਤਵੰਤਿਆਂ ਦਾ ਭਾਰੀ ਇਕੱਠ ਹੋਇਆ।ਜਿਸ ਦਾ ਮੰਤਵ ਸੀ ‘’ਆਓ ਗੱਲ ਕਰੀਏ ਯਾਦ ਪਹਿਚਾਣ ਅਤੇ ਸੰਸਥਾਵਾਂ ‘ਤੇ ਇਕ ਸੰਵਾਦ (ਗੁਰੂ ਨਾਨਕ ਜਹਾਜ਼-ਮੈਂ ਸਾਊਥ ਏਸ਼ੀਅਨ ਨਹੀਂ ਹਾਂ- ਮਿਊਜ਼ੀਅਮ, ਯੂਨੀਵਰਸਿਟੀਆਂ) ਅੱਜ ਦੇ ਇਸ ਲੇਖ ਦਾ ਮੇਨ ਮੁੱਦਾ ਜੋ ਵਿਚਾਰ ਚਰਚਾ ਦੀ ਮੰਗ ਕਰਦਾ ਹੈ, ਉਹ ਹੈ ਸਾਊਥ ਏਸ਼ੀਅਨ ਨਾਮ ਦੇ ਵਿਰੋਧ ਦਾ ਆਨ ਪ੍ਰਦਾਨ (ਵਿਚਾਰ ਵਟਾਂਦਰਾ) ਜਿਸ ਨੂੰ ਕਮਿਉਨਿਟੀ ਵਿਚ ਸਰਕਾਰ ਵਲੋਂ ਬਣਾਏ ਜਾ ਰਹੇ ਮੀਊਜ਼ੀੂਅਮ ਨੂੰ ਦਿੱਤਾ ਜਾ ਰਿਹਾ ਹੈ ਜਾਂ ਥੋਪਿਆ ਜਾ ਰਿਹਾ ਹੈ।ਆਓ ਸੰਵਾਦ ਦੀ ਲੜੀ ਵਿਚ ਕੁਝ ਕੁ ਵਿਚਾਰ ਕਰੀਏ ਕਿ ਜੋ ਇਸ ਇਕੱਠ ਪ੍ਰਚਾਰਿਆ ਗਿਆ ‘’ਮੈਂ ਸਾਊਥ ਏਸ਼ੀਅਨ ਨਹੀਂ ਹਾਂ’’ ਅਤੇ ‘’ਸਿੱਖ ਕੈਨੇਡੀਅਨ’’ ਜੋ ਅੱਜ ਵੀ ਸਲਾਹਿਆ ਜਾ ਰਿਹਾ ਹੈ ਵਿਰਾਸਤ ਦੇ ਖੇਤਰ ਵਿਚ ਕਿੰਨਾ ਕੁ ਪੂਰਾ ਢੁਕਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਊਥ ਏਸ਼ੀਅਨ ਕਈ ਦੇਸਾਂ ਦੇ ਸਮੂਹਿਕ ਖਿੱਤੇ ਦਾ ਨਾਉਂ ਹੈ ਕਿਸੇ ਇਕੱਲ ਦੁਕੱਲ ਇਨਸਾਨ ਕੋਈ ਇਕੱਲੀ ਕਮਿਉਨਿਟੀ ਦੀ ਵਿਰਾਸਤੀ ਪਹਿਚਾਣ ਨਹੀਂ ਹੈ।ਸਾਊਥ ਏਸ਼ੀਆ ਭਾਵ ਏਸ਼ੀਆ ਮਹਾਂਦੀਪ ਦਾ ਦੱਖਣੀ ਭਾਗ ਜਿਸ ਵਿਚ ਅੱਜਕੱਲ ਬੰਗਲਾ ਦੇਸ, ਭੂਟਾਨ, ਇੰਡੀਆ, ਮਲਡਾਈਵਜ਼, ਨੈਪਾਲ, ਪਾਕਿਸਤਾਨ, ਸ੍ਰੀ ਲੰਕਾ ਅਤੇ ਅਫਗਾਨਿਸਤਾਨ ਦੇਸ ਪਾਏ ਜਾਂਦੇ ਹਨ। ਵੈਸੇ ਏਸ਼ੀਆ ਨੂੰ ਸੈਂਟਰਲ, ਪੁਰਬੀ ਤੇ ਪੱਛਮੀ ਭਾਗਾਂ ਵਿਚ ਵੀ ਵੰਡਿਆ ਜਾਂਦਾ ਹੈ।ਆਪਾਂ ਇਸ ਵੇਲੇ ਗੱਲ ਕਰ ਰਹੇ ਹਾਂ ਸਾਊਥ ਏਸ਼ੀਆ ਭਾਵ ਦੱਖਣੀ ਏਸ਼ੀਆ ਦੀ ! ਜਿਸ ਵਿਚ ਵੱਖੋਵੱਖ ਸਭਿਅਤਾ, ਪਛਾਣ,ਰਹਿਣੀ ਸਹਿਣੀ ਤੇ ਧਰਮ ਆ ਜਾਂਦੇ ਹਨ।ਧਾਰਮਿਕ ਪੱਖੋਂ ਹਿੰਦੂ ਧਰਮ, ਇਸਲਾਮ, ਕ੍ਰਿਸਚੀਐਨਿਟੀ, ਬੁੱਧ ਧਰਮ, ਜੈਨ ਧਰਮ, ਸਿੱਖ ਧਰਮ, ਪਾਰਸੀ ਅਤੇ ਨਾਸਤਿਕਤਾ ਆ ਜਾਂਦੇ ਹਨ।ਸਾਰੀਆਂ ਸਭਿਅਕ ਵਿਰਾਸਤਾਂ ਜਾਂ ਮਾਨਵੀ ਸਖਸ਼ੀਅਤਾਂ ਦੀ ਜੰਮਣ ਭੁਇੰ ਦੇ ਖਿੱਤੇ ਨੂੰ ਕਿਸੇ ਅਨਜਾਣੇ ਖਿੱਤੇ ਨਾਲ ਨਰੜ ਕਰ ਦੇਣਾ ਕਿੰਨੀ ਕੁ ਦਿਆਨਤਦਾਰੀ ਹੈ।ਵੀਹਵੀਂ ਸਦੀ ਦੇ ਸ਼ੁਰੂ ਵਿਚ ਤਕਰੀਬਨ 56 ਦੇਸ ਕਾਮਨਵੈਲਥ ਵਿਚ ਜਾਣੇ ਜਾਂਦੇ ਸਨ। ਕੀ ਕਦੇ ਅੰਦਾਜ਼ਾ ਲਗਾਇਆ ਹੈ ਕਿ ਉਹਨਾਂ ਵਿਚੋਂ ਕਿੰਨਿਆਂ ਕੁ ਦੇ ਅੱਜ ਕੱਲ ਵਿਰਾਸਤੀ ਖੇਤਰ ਸਾਂਝੇ ਮਿਊਜ਼ੀਅਮ ਹਨ? ਪੰਜਾਬੀ ਅਖਾਣ ਹੈ ਕਿ ‘’ਸਾਂਝੀ ਅੰਮਾ ਤੇ ਰੋਵੇ ਕੌਣ’’ ਭਾਵ ਜਿਸ ਨਾਲ ਵਿਰਾਸਤ ਨੁਕਸਾਨ ਹੋ ਜਾਵੇ ਉਸ ਨੂੰ ਹੀ ਪੁਛਿਆ ਜਾਣੀਦਾ ਹੈ ਕਿ ਉਸ ਨੂੰ ਇਸ ਗਲਗੱਡ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਜਾਂ ਹੋਵੇਗਾ?’’ ਜਿਸ ਤਨ ਲਾਗੈ ਸੋ ਤਨ ਜਾਨੈ ਕੌਣ ਜਾਣੇ ਪੀੜ ਪਰਾਈ’’।
ਉਸੇ ਸਮਾਗਮ ਵਿਚ ਮਿਊਜ਼ੀਅਮ ਸੰਬੰਧੀ ਆਪਣੀ ਪਛਾਣ Sikh Identity ਬਾਰੇ ਇਕ ਮੂਵੀ ਰਾਹੀਂ ਕੁਝਕੁ ਦੇ ਨਿੱਜੀ ਵਿਚਾਰ ਵੀ ਸੁਣਾਏ ਗਏ ਜਿਸ ਵਿਚ ਇਕ ਨੌਜੁਆਨ ਆਖ ਰਿਹਾ ਸੀ ਕਿ ‘’ਮੈਂ ਇਕ ਪੰਜਾਬੀ ਸਿੱਖ ਹਾਂ ਤੇ ਸਊਥ ਏਸ਼ੀਅਨ ਨਹੀਂ ਹਾਂ “I am a Punjabi Sikh, I am not a South Asian” ਇਸੇ ਹੀ ਤਰ੍ਹਾਂ ਇਕ ਮਸ਼ਹੂਰ ਰੇਡੀਓ ਜਨਰਲਿਸਟ ਆਖ ਰਿਹਾ ਸੀ ਕਿ ਬਹੁਤ ਚਿਰ ਤਕਰੀਬਨ 21 ਵਰ੍ਹੇ ਪਹਿਲਾਂ ਇਹ ਅੱਖਰ ਆਮ ਵਰਤੇ ਜਾਂਦੇ ਸਨ ਤੇ ਮੈਂ ਵੀ ਇਹੋ ਜਿਹਾ ਹੀ ਕਿਹਾ ਕਰਦਾ ਸੀ ਪਰ ਕੁਝ ਨੌਜੁਆਨਾਂ ਦੀ ਕੀਤੀ ਹੋਈ ਮਿਹਨਤ ਤੇ ਖੋਜ ਤੋਂ ਹੁਣ ਇਹ ਵਿਚਾਰ ਮਨ ਵਿਚ ਉਤਪੰਨ ਹੋਇਆ ਹੈ ਕਿ ਸਾਡੇ ਹੀ ਸਊਥ ਏਸ਼ੀਅਨ ਕਿਉਂ ਨੇ? ਜਾਂ ਇੰਡੋ ਕੈਨੇਡੀਅਨ ਸਾਡੀ ਕਮਿਉਨਿਟੀ ਦੇ ਹੀ ਕਿਉਂ ਨੇ? ਇਸੇ ਤਰ੍ਹਾਂ ਇਕ ਬੁਲਾਰਾ ਆਖ ਰਹੀ ਸੀ ਕਿ ‘’ ਮੈਨੂੰ ਆਪਣੇ ਪੰਜਾਬੀ ਤੇ ਸਿੱਖ ਕੈਨੇਡੀਅਨ ਹੋਣ ਤੇ ਬਹੁਤ ਮਾਣ ਹੈ’’। ਇਸੇ ਤਰ੍ਹਾਂ ਇਕ ਕਮਿਉਨਿਟੀ ਮੈਂਬਰ ਆਖ ਰਹੀ ਸੀ ਕਿ ਸਾਨੂੰ 1984 ਦਾ ਸਿੱਖ ਕਤਲੇਆਮ ਚੇਤੇ ਹੈ ਤੇ ਮਾਣ ਮੱਤੇ ਕੈਨੇਡੀਅਨ ਤੇ ਬਤੌਰੇ ਸਿੱਖ ਅਸੀਂ ਤੁਹਾਡੇ ਨਾਲ ਆਮੋ ਸਾਹਮਣੇ ਬੈਠ ਕੇ ਕੈਨੇਡਾ ਵਿਚ ਇਹ ਡੀਬੇਟ (Debate) ਕਰਨਾ ਚਾਹੁੰਦੇ ਹਾਂ ਕਿ ‘’ਸਊਥ ਏਸ਼ੀਅਨ’’ ਕਮਿਉਨਿਟੀ ਨੂੰ ਇਕ ਨਸਲੀ ਨਾਂਅ ਵਜੋਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੰਜ ਛੇ ਨੌਜੁਆਨਾਂ ਦੀ ਇਕ ਟੀਮ ਵਲੋਂ ਦਰਸਾਇਆ ਗਿਆ ਸੀ ‘’ I am a sikh Canadian-I am not a South Asian-ਮੈਂ ਦੱਖਣ ਏਸ਼ੀਆਈ ਨਹੀਂ ਹਾਂ’’।ਆਓ ਜ਼ਰਾ ਵਿਚਾਰ ਕਰੀਏ ਕਿ ਅਪਣੇ ਆਪ ਨੂੰ ‘’ਸਿੱਖ ਕੈਨੇਡੀਅਨ Sikh Canadian” ਕਹਾਈ ਜਾਣ ਵਾਲੀ Terminology ਵੀ ਕਿੰਨੀ ਕੁ ਉਚਿੱਤ ਹੈ?
ਆਪਾਂ ਸਭ ਨੂੰ ਪਤਾ ਹੈ ਕਿ ਜੰਮਨ ਭੁਇੰ ਜਾਂ ਜਨਮ ਭੂਮੀ ਨਾਲ ਹਰੇਕ ਇਨਸਾਨ ਦਾ ਡੂੰਘਾ ਸੰਬੰਧ ਹੈ।’’ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਗੁਰਬਾਣੀ ਅਨੁਸਾਰ ਧਰਤੀ ਨੂੰ ਮਾਤਾ ਭਾਵ ‘ਮਾਂ’ ਦਾ ਦਰਜਾ ਦਿੱਤਾ ਗਿਆ ਹੈ।ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਏਸ ਲੋਕਾਈ ਤੇ ਵੱਖੋਵੱਖ ਖਿੱਤਿਆਂ ਤੇ ਦੇਸ ਬਣੇ ਹੋਏ ਹਨ ਜਿਸ ਕਰਕੇ ਹਰੇਕ ਇਨਸਾਨ ਨੂੰ ਉਸੇ ਜਨਮ ਭੂਮੀ ਦੇ ਸਪੁੱਤਰ ਹੋਣ ਦੇ ਵਿਰਾਸਤੀ ਮਾਣ ਸਨਮਾਨ ਮਿਲ ਜਾਂਦਾ ਹੈ।ਇਸੇ ਤਰ੍ਹਾਂ ਹੀ ਵੱਖੋ ਵੱਖ ਹਕੂਮਤਾਂ ਵਲੋਂ ਆਪੋ ਆਪਣੇ ਦੇਸ ਦੇਸਾਂਤਰਾਂ ਦੀ ਨਾਗਰਿਕਤਾ ਨਾਲ ਜੋੜ ਕੇ ਸੰਸਾਰ ਭਰ ਵਿਚ ਘੁੰਮਨ, ਫਿਰਨ ਫਰੌਣ ਤੇ ਨਾਲ ਹੀ ਪਰਵਾਸ ਕਰਨ ਲਈ ਦੇਸ ਦੇ ਨਿਯਮਾਂ ਅਨੁਸਾਰ ਅਜਾਜ਼ਤ ਮਿਲ ਜਾਂਦੀ ਹੈ।ਜਨਮ ਭੂਮੀ ਦੇ ਅਧਾਰ ਉੱਤੇ ਉਧਾਰਣ ਵਜੋਂ ਪੰਜਾਬ ਵਿਚ ਜਨਮੇ ਨੂੰ ਪੰਜਾਬੀ, ਬੰਗਾਲ ਵਿਚ ਜਨਮੇ ਨੂੰ ਬੰਗਾਲੀ, ਅਸਾਮੀ ਰਾਜਿਸਥਾਨੀ ਇਤਿ ਆਦਿ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ।ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਪਣੀ ਲਿਖਤ ਵਿਚ ਫਰਮਾਉਂਦੇ ਹਨ ‘’ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ’’ ਇਸ ਸਮੁੱਚੇ ਸ਼ਬਦ ਵਿਚ ਉਹਨਾਂ ਦੀ ਪਹਿਚਾਣ ਉਨ੍ਹਾਂ ਦੀ ਜਨਮ ਭੂਮੀ ਉੱਤੇ ਹੀ ਨਿਰਭਰ ਕਰਦੀ ਹੈ।ਇਸੇ ਤਰ੍ਹਾਂ ਵੱਖੋਵੱਖ ਟੁਕੜਿਆਂ ਵਾਲੀ ਜਨਮ ਭੂਮੀਆਂ ਵਾਲੀ ਗੌਰਮਿੰਟ ਜਾਂ ਹਕੂਮਤ ਵਲੋਂ ਇਨ੍ਹਾਂ ਦੇ ਸਮੂਹਿਕ ਦੇਸ ਵਲੋਂ ਆਪਣੀ ਨਾਗਕਿਤਾ ਐਲਾਨੀ ਜਾਂਦੀ ਹੈ।ਨਾਗਰਿਕਤਾ ਜਨਮ ਸਿੱਧ ਅਧਿਕਾਰ ਜਾਂ ਕੋਈ ਹੋਰ ਦੇਸ ਵਿਚ ਪਰਵਾਸ ਗ੍ਰਹਿਣ ਤੇ ਨਿਰਭਰ ਕਰਦੀ ਹੈ ਪਰ ਧਰਮ ਦਾ ਖਾਤਾ ਤਾਂ ਜਨਮ ਤੋਂ ਬਾਦ ਹੀ ਖੁਲ੍ਹਦਾ ਹੈ।ਜਨਮ ਸਮੇਂ ਇਨਸਾਨ ਦਾ ਆਪਣਾ ਧਰਮ ਹਰਗਿਜ਼ ਨਹੀਂ ਹੁੰਦਾ ਪਰ ਹਾਂ ਉਹ ਬੱਚਾ ਕਿਸੇ ਇਕ ਧਰਮ ਦੇ ਪਰਿਵਾਰ ਵਿਚ ਜਨਮਿਆ ਜ਼ਰੂਰ ਹੈ ਪਰ ਧਰਮ ਦੀ ਪਹਿਚਾਣ ਵਜੋਂ ਉਹ ਧਾਰਮਿਕ ਸੰਸਕਾਰਾਂ ਨੂੰ ਗ੍ਰਹਿਣ ਕਰ ਲੈਣ ਤੋਂ ਬਾਦ ਹੀ ਜਾਣਿਆ ਜਾਂਦਾ ਹੈ।ਪੰਜਾਬ ਦੇ ਤਿੰਨ ਖਿਤਿਆਂ ਨੂੰ ਮਾਝਾ ਮਾਲਵਾ ਦੁਆਬ ਆਖਿਆ ਜਾਂਦਾ ਹੈ ਅਤੇ ਉਥੋਂ ਦੇ ਵਸਨੀਕਾਂ ਨੂੰ ਮਝੈਲ ਮਲਵਈ ਤੇ ਦੁਆਬੀਆ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਪਰ ਧਰਮ ਦੇ ਅਧਾਰ ਤੇ ਮਝੈਲ ਸਿੱਖ, ਮਲਵਈ ਸਿੱਖ ਤੇ ਦੋਆਬੀਆ ਸਿੱਖ ਸ਼ਬਦ ਵਰਤੇ ਜਾਂਦੇ ਹਨ ਤਾਂ ਫਿਰ ਕੈਨੇੁਡਾ ਵਾਸੀ ਨੂੰ ‘’ਕੈਨੇਡੀਅਨ ਸਿੱਖ’’ ਕਹਿਣ ਕਹੌਣ ਦੀ ਥਾਂ ‘’ਸਿੱਖ ਕੈਨੇਡੀਅਨ ‘’ ਕਿੳੇਂ? ਹੁਣ ਇਹ ਸੁਆਲ ਵੀ ਉਠਦਾ ਹੈ ਕਿ ‘’ਸਿੱਖ ਕੈਨੇਡੀਅਨ’’ ਪਹਿਚਾਣ (Identity) ਕਬੂਲਣੀ ਤੇ ਪ੍ਰਚਾਰਨੀ ਕਿੰਨੀ ਕੁ ਉਚਿੱਤ ਹੈ? ਪਰਚਾਰ ਕਰਤਾ ਪਹਿਚਾਣ ਖੇਤਰ ਵਿਚ ਤਾਂ ਸੁਹਿਰਦ ਹਨ ਪਰ ਇਸ ਬਾਰੇ ਸੰਵਾਦ ਕਰਨ ਦੇ ਹੱਕ ਵਿਚ ਉੱਕਾ ਹੀ ਨਹੀਂ ਹਨ।
ਸੰਨ 1897 ਤੋਂ ਬਾਦ ਕੈਨੇਡਾ ਪਰਵਾਸ ਕਰਨ ਵਾਲਿਆਂ ਨੂੰ ਪੰਜਾਬ ਦੇ ਜੰਮਪਲ ਤੇ ਸਿੱਖ ਧਰਮ ਦੇ ਧਾਰਨੀ ਹੋਣ ਕਰਕੇ ਧਰਮ ਦੇ ਅਧਾਰ ਤੇ ਵਸਨੀਕਾਂ ਨੂੰ ਸਿੱਖ ਤਾਂ ਆਖਿਆ ਜਾ ਸਕਦਾ ਸੀ ਪਰ ਸਿਟੀਜ਼ਨ ਪੱਖੋਂ ਕੈਨੇਡੀਅਨ ਕਹਿਲਾਉਣ ਦਾ ਹੱਕ ਹਾਸਲ ਨਹੀੰ ਸੀ।ਉਸ ਸਮੇਂ ਦੇ 1910 ਦੇ ਨੇੜੇ ਤੇੜੇ ਕੈਨੇਡਾ ਮੁਲਕ ਵਿਚਲੀ ਬਰਤਾਨਵੀ ਸਰਕਾਰ ਦੇ ਕਾਨੂੰਨ ਅਨੁਸਾਰ ਬ੍ਰਿਟਿਸ਼ ਸਬਜੈਕਟ ਛੇ ਮਹੀਨੇ ਕੈਨੇਡਾ ਵਿਚ ਰਹਿਣ ਬਾਦ ਕੈਨੇਡੀਅਨ ਨਾਗਰਿਕ ਬਣ ਸਕਦਾ ਸੀ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਇਹਨਾਂ ਪੰਜਾਬੀਆਂ ਨੇ ਸਿੱਖ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਦੀ ਰਹਿਨੁਮਾਈ ਹੇਠ ਕੈਨੇਡੀਅਨ ਨਾਗਰਿਕਤਾ ਦੀ ਪ੍ਰਾਪਤੀ ਲਈ ਸਰਕਾਰ ਦੀਆਂ ਨਸਲੀ ਪੱਖਪਾਤੀ ਨੀਤੀਆਂ ਵਿਰੁੱਧ ਵਰ੍ਹਿਆਂ ਬੱਧੀ ਸੰਘਰਸ਼ ਲੜਿਆ ਤੇ Canadian Citizenship act, 1946 ਦਾ ਕਾਨੂੰਨ 1 ਜਨਵਰੀ 1947 ਨੂੰ ਬਰਤਾਨਵੀ ਬਸਤੀਆਂ ਵਿਚੋਂ ਕੈਨੇਡਾ ਆ ਕੇ ਕੈਨੇਡਾ ਦੀ ਨਾਗਕਿਤਾ ਲੈਣ ਲਈ ਹੋਂਦ ਵਿਚ ਆਇਆ ਤੇ 2 ਅਪ੍ਰੈਲ 1947 ਨੂੰ ਵੋਟ ਪਾਉਣ ਵਿਚ ਸਫਲਤਾ ਪ੍ਰਾਪਤ ਕੀਤੀ।ਘੋਖ ਪੜਤਾਲ ਕਰਨ ਤੋਂ ਪਤਾ ਚੱਲਦਾ ਹੈ ਕਿ ਏਸ਼ੀਆ ਮਹਾਂਦੀਪ ਵਿਚਾਲੇ ਵੱਡੀ ਗਿਣਤੀ ਵਿਚ ਬਰਤਾਨਵੀ ਕੰਟਰੋਲ ਵਾਲੀਆਂ ਬਸਤੀਆਂ ਹੀ ਸਨ ਤੇ ਕੈਨੇਡਾ ਵੀ ਉਸੇ ਬਰਤਾਨਵੀ ਬਸਤੀ ਦਾ ਹਿੱਸਾ ਸੀ ਅਤੇ ਏਸ਼ੀਆ ਵਿਚੋਂ ਉਨੀਵੀਂ ਸਦੀ ਦੇ ਸ਼ੁਰੂ ‘ਚ ਕੈਨੇਡਾ ਵਿਚ ਪ੍ਰਵਾਸ ਕਰਨ ਵਾਲਿਆਂ ਨੂੰ ‘’ਸਾਊਥ ਏਸ਼ੀਅਨ’’ ਨਾਮ ਕੈਨੇਡਾ ਦੀਆਂ ਸਰਕਾਰਾਂ ਦੇ ਨਸਲੀ ਨੀਤੀਧਾਰਾਂ ਨੇ ਹੀ ਦਿੱਤਾ ਸੀ ਜੋ ਅੱਜ ਤੀਕ ਸਰਕਾਰੀ ਤੇ ਵਿਦਿਅਕ ਅਦਾਰਿਆਂ ਅਤੇ ਕਮਿਉੇਨਿਟੀ ਦੇ ਰਹਿਨੁਮਾਵਾਂ ਵਿਚ ਮੱਕੜਜਾਲ ਦੀ ਤਰ੍ਹਾਂ ਘਰ ਕਰ ਚੁਕਿਆ ਹੈ।ਇਸੇ ਤਰ੍ਹਾਂ ਹੁਣ ਸੁਆਲ ਆਉਂਦਾ ਹੈ ਸਿੱਖ ਕੈਨੇਡੀਅਨ ਅਤੇ ਕੈਨੇਡੀਅਨ ਸਿੱਖ ਦੀ ਪਰਿਭਾਸ਼ਾ (Idology) ਦਾ! ਜੇਕਰ ਉਸ ਵੇਲੇ ਭਾਵ ਉਨੀਵੀਂ ਸਦੀ ਦੇ ਸ਼ੁਰੂ ਵਿਚ ਸਰਕਾਰ ਪਰਵਾਸੀਆਂ ਨੂੰ ਬਰਿਟਿਸ਼ ਸਬਜੈਕਟ ਨਾਲ ਸੰਬੋਧਨ ਕਰਦੀ ਤਾਂ ਕੈਨੇਡਾ ਸਰਕਾਰ ਵਲੋਂ ਉਹਨਾਂ ਪਰਵਾਸੀਆਂ ਨੂੰ ਨਾਗਰਿਕਾਂ ਵਾਲੇ ਸਾਰੇ ਅਧਿਕਾਰ ਦੇਣੇ ਪੈ ਸਕਦੇ ਸਨ।ਇਸ ਲਈ ਸਰਕਾਰ ਵਲੋਂ ਧਰਮ ਦੇ ਆਧਾਰ ਤੇ ‘’ਸਿੱਖ ਕੈਨੇਡੀਅਨ’’ ਪਰਚਾਰਨਾ ਸ਼ੁਰੂ ਕਰ ਦਿੱਤਾ ਪਰ ਕਿਸੇ ਹੋਰ ਕਮਿਉਨਿਟੀ ਨੂੰ ਧਰਮ ਦੇ ਆਧਾਰ ਤੇ ‘’ਕ੍ਰਿਸਚੀਅਨ ਕੈਨੇਡੀਅਨ’’ ‘’ਜੀਊਜ਼ ਕੈਨੇਡੀਅਨ’’ ਆਦਿਕ ਉਦਾਹਰਨ ਕਿਤੇ ਵੀ ਨਹੀਂ ਮਿਲਦੀ।ਧਰਮ ਦੇ ਅਧਾਰ ਤੇ ਇਹ ਕਿ ਪਾੜ ਪਾਊ ਫਿਰਕੂ ਨੀਤੀ ਸੀ ਅਤੇ ਹੈ ਜੋ ਕੈਨੇਡੀਅਨ ਨਾਗਰਿਕਾਂ ਵਿਚ ਧਰਮ ਦੀਆਂ ਵੰਡੀਆਂ ਵਿਚ ਅੱਜ ਵੀ ਬੰਨ੍ਹ ਦਿੰਦੀ ਹੈ।ਦੂਜੇ ਸਾਡੀਆਂ ਆਉਣ ਵਾਲੀਆਂ ਪੀਹੜੀਆਂ ਵਾਸਤੇ ਵੀ ਦੁਬਿਧਾ ਦਾ ਕਾਰਨ ਬਣਦੀ ਹੈ।ਕੈਨੇਡਾ ਵਿਚ ਜਨਮ ਲੈਣ ਵਾਲਾ ਬੱਚਾ ਆਪਣੇ ਆਪ ਨੂੰ ਕੈਨੇਡਾ ਵਿਚ ਵਸ ਰਹੀਆਂ ਕਮਿਉਨਿਟੀਆਂ ਵਾਂਗ ਕੀ ਆਪਣੇ ਆਪ ਨੂੰ ਕੈਨੇਡੀਅਨ ਸਿੱਖ ਕਹਾ ਸਕੇਗਾ?ਜਨਮ ਭੂਮੀ ਵਿਚ ਜਨਮ ਲੈ ਕੇ ਉਸੇ ਧਰਤਿ ਦਾ ਵਫਾਦਾਰ ਪੁੱਤਰ ਕਹਾਉਣ ਦਾ ਸਾਡਾ ਮੌਲਿਕ ਅਧਿਕਾਰ ਹੈ ਜਿਸ ਨੂੰ ਬਸਤੀਵਾਦੀ ਨੀਤੀਆਂ ਤੇ ਸਾਡੇ ਕੁਝਕੁ ਅਗਾਂਹ ਵਧੂ/ਕੱਟੜ/ਅਖੌਤੀ ਰਾਹ ਦਿਸੇਰਿਆਂ ਨੇ ਗ੍ਰਿਹਿਣਿਆ ਹੋਇਆ ਹੈ। ਕੀ ਇਹ ਸਿੱਖ ਆਗੂ ਸੋਚ ਵਿਚਾਰ ਕੇ ਦੱਸਣਗੇ ਕਿ ਧਰਮ ਵਿਚੋਂ ਨਾਗਰਿਕਤਾ citizenship ਨਹੀਂ ਨਿਕਲਦੀ ਪਰ ਸਿਟੀਜ਼ਨ ਦੀ ਬੁੱਕਲ ਵਿਚ ਸਾਰੇ ਧਰਮ ਸਮੇਤ ਨਾਸਤਿਕ ਸਮਾਏ ਹੋਏ ਹੁੰਦੇ ਹਨ।
ਸੱਚ ਜਾਣੋ ਤਾਂ ਕੈਨੇਡੀਅਨ ਨਾਗਰਿਕਤਾ ਦੀ ਪ੍ਰੀਭਾਸ਼ਾ ਵਿਚ ਸਿੱਖ ਕੈਨੇਡੀਅਨ ਨਾਉਂ ਦੀ ਕੋਈ ਮੱਦ/ਧਾਰਾ Category ਨਹੀਂ ਹੈ। ਇਹ ਵੀ ਇੰਡੋ-ਕੈਨੇਡੀਅਨ ਕਹੀ ਜਾਣ ਵਾਲੀ ਜਾਂ ਕਹਾਈ ਜਾਣ ਵਾਲੀ ਨਾਗਰਿਕਤਾ ਵਾਂਗੂੰ ਖੋਖਲੀ ਹੀ ਹੈ।ਨਾ ਤਾਂ ਸਿੱਖ ਕੈਨੇਡੀਅਨ ਨਾਮ ਦਾ ਕੋਈ ਦੇਸ ਹੈ ਤੇ ਨਾ ਹੀ ਇੰਡੋ ਕੈਨੇਡੀਅਨ ਨਾਮ ਦਾ ਕੋਈ ਦੇਸ ਹੈ ਜਿਥੇ ਕਿਸੇ ਦਾ ਜੰਮਪਲ ਹੋਇਆਂ ਹੋਵੇ?ਅਸੀਂ ਆਪ ਮੁਹਾਰੇ ਹੀ ਅਣਜਾਣੇ ਵਿਚ ਨਾਗਰਿਕਤਾ ਦੀ ਇੱਕੋ ਬੇੜੀ ਵਿਚ ਅਸਵਾਰ ਹੋ ਕੇ ਜਾਂ ਹੋ ਜਾਣ ਲਈ ਆਪਣੇ ਨਿਸ਼ਾਨੇ ਤੇ ਸਹੀ ਸਲਾਮਤ ਪਹੁੰਚ ਜਾਣ ਦੀ ਝੂਠੀ ਆਸ ਲਗਾਈ ਬੈਠੈ ਹਾਂ।ਦੋ ਬੇੜੀਆਂ ਦੇ ਸੁਆਰ ਦਾ ਹਸ਼ਰ ਜੇ ਸਾਨੂੰ ਮਾਲੂਮ ਹੈ ਤਾਂ ਜਾਣਦੇ ਹੋਏ ਵੀ ਕਿਉਂ ਇਸ ਨੂੰ ਅਪਣਾਉਂਦੇ ਹਾਂ?ਅਜੇ ਥੋੜਾ ਚਿਰ ਪਹਿਲਾਂ ਵਪਾਰਕ ਅਦਾਰਿਆਂ ਫਿਰੌਤੀਆਂ ਤੇ ਗੋਲੀਆਂ ਚੱਲਣ ਦੇ ਸੰਬੰਧ ਵਿਚ ਉਚ ਪੱਧਰੀ ਬੈਠਕਾਂ ਹੋ ਕੇ ਹਟੀਆਂ ਹਨ ਜਿਸ ਵਿਚ ਇਹ ਸੁਆਲ ਆਮ ਸਰਕਾਰ ਸਾਨੂੰ ਮੇਨ ਸਟਰੀਮ ਵਰਗੇ ਕੈਨੇਡੀਅਨ ਨਹੀਂ ਸਮਝਦੀ! ਜੇ ਸਮਝਦੀ ਹੁੰਦੀ ਤਾਂ ਇਹ ਮਸਲਾ ਬਹੁਤ ਚਿਰ ਪਹਿਲਾਂ ਹੀ ਹੱਲ ਹੋ ਚੁਕਿਆ ਜਾਣਾ ਸੀ!ਹੁਣ ਇਹ ਸੋਚਣਾ ਵੀ ਬਣਦਾ ਹੈ ਕਿ ਜੇ ਅਸੀਂ ਆਪ ਹੀ ਦੋ ਨਾਗਰਿਕਤਾਵਾਂ ਨੂੰ ਅੱਪੂੰ ਹਾਈਫਨ ਲਗਾ ਕੇ ਮੇਨ ਸਟਰੀਮ ਚੋਂ ਬਾਹਰ ਨਿਕਲੇ ਹੋਏ ਹਾਂ ‘’ਆਪੇ ਫਾਥੜੀਏ, ਤੈਨੂੰ ਕੌਣ ਛਡਾਏ’’ ਹੁਣ ਸਿੱਖ-ਕੈਨੇਡੀਅਨ ਅਤੇ ਇੰਡੋ-ਕੈਨੇਡੀਅਨ ਸਰਕਾਰਾਂ ਕੋਲ ਹੀ ਹਾਲ ਪਾਹਰਿਆ ਪਾਓ ਤਾਂ ਕਿ ਇਸ ਭੀੜ ਤੋਂ ਛੁਟਕਾਰਾ ਪਾਇਆ ਜਾ ਸਕੇ।ਜਦੋਂ ਅਸੀਂ ਫਰੈਂਚ ਕੈਨੇਡੀਅਨ (French Canadian) ਦੀ ਗੱਲ ਕਰਦੇ ਹਾਂ ਅਠਾਰਵੀਂ ਸਦੀ ਵਿਚ ਕੈਨੇਡਾ ਵਿਚ ਦੋ ਕਾਲੋਨੀਆਂ ਬਰਤਾਨਵੀ ਤੇ ਫਰਾਂਸੀਸੀ ਕਾਬਜ਼ ਸਨ ਪਰ ਜਦੋਂ ਦੋਹਾਂ ਦੇ ਰਲੇਵੈਂ ਨਾਲ ਇਕ ਮੁਲਕ ਬਣਿਆ ਤੇ ਦੋਹਾਂ ਕਾਲੋਨੀਆਂ ਦੀ ਹਕੂਮਤ ਵਿਚ ਭਾਗੀਦਾਰੀ ਰਹੀ ਤਾਂ ਫਰਾਸੀਸੀ ਸਭਿਅਤਾ ਉਦੋਂ ਤੋਂ ਹੀ French Canadian ਕਹਾਉਂਦੇ ਚਲੇ ਆ ਰਹੇ ਹਨ ਇਹ ਉਨ੍ਹਾਂ ਦੀ ਵਿਰਾਸਤ ਦਾ ਅੰਗ ਹੈ।ਇਹ ਮੱਤ ਸਮਝਣਾ ਕਿ ਇਹਨਾਂ Hyphenated ਸਿਟੀਜ਼ਨਸ਼ਿੱਪਾਂ ਨਾਲ ਸਾਡੇ ਕਲਚਰ ਨੂੰ ਜਾਂ ਸਾਡੀ ਵਿਰਾਸਤ ਨੂੰ ਕੋਈ ਮਾਣਤਾ ਮਿਲ ਰਹੀ ਹੈ।ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਬ੍ਰਿਟਿਸ਼ ਸਬਜੈਕਟ ਜਾਣੇ ਜਾਣ ਵਾਲੇ ਸਾਡੇ ਵੱਡਵਡੇਰਿਆਂ ਨੂੰ ਛੇ ਮਹੀਨੇ ਕੈਨੇਡਾ ਵਿਚ ਰਹਿਣ ਉੋਪਰੰਤ ਕੈਨੇਡੀਅਨ ਸਿਟੀਜ਼ਨਸ਼ਿੱਪ ਮਿਲ ਜਾਂਦੀ ਸੀ ਤਾਂ ਉਨੀਵੀਂ ਸਦੀ ਦੇ ਸ਼ੁਰੂ ਵਿਚ ਸਾਊਥ ਏਸ਼ੀਅਨ/ ਸਿੱਖ ਕੈਨੇਡੀਅਨ ਤੇ ਹੁਣ ਇੰਡੋ ਕੈਨੇਡੀਅਨ ਨਾਵਾਂ ਨਾਲ ਉਸ ਸਮੇਂ ਦੀ ਫਿਰਕੂ ਸਰਕਾਰ ਵਲੋਂ ਭੰਡਿਆ ਗਿਆ ਤਾਂ ਕਿ ਉਸ ਸਮੇਂ ਇਥੋਂ ਦੇ ਵਸਨੀਕਾਂ ਵਲੋਂ ਇਹਨਾਂ ਪਰਵਾਸੀਆਂ ਦਾ ਵਿਰਾਸਤੀ ਖਿੱਤਾ ਤੇ ਧਰਮ ਦੱਸ ਕੇ ਨਸਲੀ ਨਫਰਤ ਨਹੀਂ ਸੀ ਫੈਲਾਈੇਜਾਂਦੀ ? ਇਸ ਵਿਚ ਵੀ ਕੋਈ ਅਤਿਕਥਨੀ ਨਹੀਂ ਹੈ ਕਿ ਕੈਨੇਡੀਅਨ ਸਿਟੀਜ਼ਨਸ਼ਿੱਪ ਦੀ ਥਾਂ ਇਹ ਉਪਾਧੀਆਂ/ਡਿਗਰੀਆਂ ਸਾਨੂੰ ਨੀਵਾਂ ਦਿਖਾਉਣ ਲਈ ਦਿੱਤੀਆਂ ਗਈਆਂ ਸਨ ਨਾ ਕਿ ਵਿਰਸੇ ਨੂੰ ਸਨਮਾਣਿਤ ਕਰਨ ਲਈ, ਜਿਸ ਦਾ ਅੱਜ ਵੀ ਭੁਲੇਖਾ ਪਾ ਕੇ ਅੱਜ ਦੇ ਕੁਝਕੁ ਆਗੂਆਂ ਵਲੋਂ ਭਰਮ ਪਾਲਿਆ ਜਾ ਰਿਹਾ ਹੈ! ਕੀ ਸ਼ਹਾਦਤਾਂ ਦੇ ਨਾਲ ਨਾਲ ਭਾਗ ਸਿੰਘ ‘ਕੈਨੇਡੀਅਨ’, ਬਦਨ ਸਿੰਘ ‘ਕੈਨੇਡੀਅਨ’ ਬਲਵੰਤ ਸਿੰਘ ‘ਕੈਨੇਡੀਅਨ’, ਜਾਂ ਮੇਵਾ ਸਿੰਘ ‘ਕੈਨੇਡੀਅਨ’ ਸਿਟੀਜ਼ਨਸ਼ਿੱਪ ਸਨਮਾਨ ਚੰਗਾ ਲਗਦਾ ਹੈ ਜਾਂ ਫਿਰ ਫਿਰਕੂ ਕਲੋਨੀਅਲ ਨੀਤੀਵਾਨਾਂ ਵਲੋਂ ਥੋਪੀ ‘ਸਿੱਖ ਕੈਨੇਡੀਅਨ’ ਦੀ ਉਪਾਧੀ ਨਾਲ! ਜਦੋਂ ਕਿ ਸਿੱਖ ਧਰਮ ਤਾਂ ਉਹਨਾਂ ਦੇ ਨਾਮ ਤੋਂ ਹੀ ਸੁਪਰਸਿੱਧ ਜੋ ਜਾਂਦਾ ਹੈ।
ਕਮਿਉਨਿਟੀ ਦੀ ਵਿਰਾਸਤ ਨਾਲ ਸੰਬੰਧਤ ਨਾਉਂ ਦੀ ਚੋਣ ਲਈ ਸਾਊਥ ਏਸ਼ੀਅਨ ਤੇ ਸਿੱਖ ਕੈਨੇਡੀਅਨ ਪ੍ਰਤੀਨਿਧਤਾ ਕਰਦੇ ਪ੍ਰਤੀਤ ਨਹੀਂ ਹੁੰਦੇ।ਇਕ ਤਾਂ ਬਰਤਾਨਵੀ ਸਾਮਰਾਜ ਦੀ ਪੁਰਾਤਨ ਨੀਤੀ ਨੇ ਸਾਡੀ ਵਿਰਾਸਤ ਨੂੰ ਬਹੁਗਿਣਤ ਖਿੱਤਾ ਵਿਰਾਸਤਾਂ ਵਿਚ ਨਰੜ੍ਹ ਕੇ ਸਾਡੀ ਆਪਣੀ ਪਹਿਚਾਣ identityfication ਧੁੰਧਲੀ ਕਰ ਦੇਣੀ ਹੈ।ਦੂਜੇ ਨਾਉਂ ਅਧੀਨ ਜਾਤਪਾਤ ਦੀ ਤਰ੍ਹਾਂ ਕੈਨੇਡਾ ਵਿਚ ਸਾਊਥ ਏਸ਼ੀਅਨ ਖਿੱਤੇ ਵਿਚਲੇ ਧਰਮਾਂ ਦੇ ਅਧਾਰ ਤੇ ਮੀਊਜ਼ੀਅਮਾਂ ਦੇ ਸਾਰ ਵਿਸਥਾਰ ਦਾ ਮੁੱਢ ਬੱਝ ਜਾਏਗਾ ਜੋ ਕੈਨੇਡਾ ਬਹੁਸੱਭਿਅਕ multicultulture ਪਾਲਿਸੀ ਨੂੰ ਸੌ ਸਵਾ ਸੌ ਸਾਲ ਪਹਿਲਾਂ ਦੀ ਵੰਡ ਵੰਡਾਈ ਵਾਲੀ ਫਿਰਕੂਵਾਦ ਵਾਲੀ ਨੀਤੀ ਵੱਲ ਕੈਨੇਡੀਅਨਾਂ ਨੂੰ ਲਿਜਾਣ ਦਾ ਕਾਰਨ ਬਣੇਗੀ।ਸਾਡੀ ਆਪਣੀ ਕਮਿਉਨਿਟੀ ਪੰਜਾਬ ਵਿਚ ਜੰਮਪਲ ਕੇ ਕੈਨੇਡਾ ਵਿਚ ਆਈ।ਸੰਘਰਸ਼ ਕਰਕੇ ਆਪਣੇ ਆਪ ਨੂੰ ਹੋਰਨਾਂ ਕੈਨੇਡੀਅਨਾਂ ਵਾਂਗ ਪੱਕੇ ਪੈਰੀਂ ਸਥਾਪਿਤ ਕੀਤਾ।ਸੰਸਥਾਵਾਂ ਤੇ ਗੁਰਦੁਆਰੇ ਸਥਾਪਿਤ ਕੀਤੇ।ਕਾਲੋਨੀਅਲ ਕਾਲ ਦੀ ਨਸਲਵਾਦੀ ਨੀਤੀ ਵਿਰੁੱਧ ਇੰਮੀਗ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਗੁਰੂ ਨਾਨਕ ਜਹਾਜ਼ ਲੈ ਕੇ ਵੈਨਕੁਵਰ ਵੀ ਪੁੱਜੇ।ਇਥੋਂ ਦੀ ਸਰਕਾਰ ਵਲੌਂ ਬੇਰੰਗ ਭੇਜ ਦੇਣ ਤੇ ਬਜ ਬਜ ਘਾਟ ਤੇ ਸ਼ਹੀਦ ਵੀ ਹੋਏ।ਹਿੰਦੁਸਤਾਨੀਆਂ ਨੂੰ ਸਮਰਾਜਸ਼ਾਹੀ ਤੋਂ ਨਿਜਾਤ ਦਿਵਾਉਣ ਲਈ ਗਦਰ ਪਾਰਟੀ ਦਾ ਸੰਗਠਨ ਕਰਕੇ ਫਾਂਸੀ ਦੇ ਰੱਸੇ ਚੁੰਮ ਕੇ ਜੇਹਲਾਂ ਕੱਟ ਕੇ ਸ਼ਹੀਦੀਆਂ ਪਾਈਆਂ।ਬੱਬਰ ਅਕਾਲੀਆਂ ਦੀ ਪਦਵੀਆਂ ਵੀ ਪਾਈਆਂ। ਕੈਨੇਡਾ ਵਿਚ ਕੈਨੇਡੀਅਨ ਨਾਗਰਿਕਤਾ ਤੇ ਵੋਟ ਪਾਉਣ ਦੇ ਅਧਿਕਾਰ ਲਈ ਜੂਝੇ।ਕੈਨੇਡਾ ਲਈ ਪਰਵਾਸ ਖੋਹਲਣ ਲਈ ਤੇ ਇੰਮੀਗ੍ਰੇਸ਼ਨ ਦੀ ਸੁਖਾਲੀ ਅਤੇ ਬਹਾਲੀ ਲਈ ਯੋਗਦਾਨ ਪਾਇਆ।ਅਜੇ ਹੁਣੇ ਜਿਹੇ ਹੀ ਕੈਨੇਡਾ ਵਿਚ ਬਾਹਰੋਂ ਪੜ੍ਹਨ ਆਏ ਵਿਦਿਆਰਥੀਆਂ ਪਾਣ ਪੀਣ ਦੀ ਸੌਖ ਵਾਸਤੇ ਗੁਰਦੁਆਰੇ ਸਾਹਿਬਾਨਾਂ ਵਿਚ ਲੰਗਰ ਦੀ ਮਰਿਆਦਾ ਨੂੰ ਬਹਾਲ ਰੱਖਿਆ।
ਇਹ ਉੱਪਰ ਲਿਖੀ ਵਰ੍ਹਿਆਂ ਬੱਧੀ ਵਾਰਤਾ ਵਿਰਾਸਤ ਦਾ ਅੰਗ ਕਿਵੇਂ ਬਣੀ ? ਇਹ ਸਭ ਪੰਜਾਬ ਦੀ ਮਿੱਟੀ ਦੀ ਮਹਿਕ ਹੈ।ਪੰਜਾਬ ਦੀ ਧਰਤੀ ਦੇ ਜੰਮਪਲਾਂ ਨੂੰ ਵਿਰਸੇ ਵਿਚ ਮਿਲੀ ਹੋਈ ਗੁੜ੍ਹਤੀ ਦਾ ਰੰਗ ਹੈ।ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’। ‘’ਸਭੈ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’’ । ‘’ਨਾਨਕ ਨਾਮ ਚੜ੍ਹਦੀ ਕਲਾ॥ਤੇਰੇ ਭਾਣੇ ਸਰਬੱਤ ਦਾ ਭਲਾ’’॥ ‘’ਪੰਜਾਬ ਤਾਂ ਜਿਉਂਦਾ ਹੀ ਗੁਰਾਂ ਦੇ ਨਾਂ ਉੱਤੇ’’ ਹੈ। ਪੰਜਾਬ ਵੀ ਉਹ! ਜਿਸਦਾ ਕਦੇ ਅਪਣਾ ਰਾਜਭਾਗ ਹੁੰਦਾ ਸੀ ਜਿਸ ਨੂੰ ਕੱਟ ਵੱਢ ਕੇ ਪਹਿਲਾਂ ਪੂਰਬੀ ਤੇ ਪੱਛਮੀ (ਭਾਰਤ ਤੇ ਪਾਕਿਸਤਾਨ) ਵਿਚ ਵੰਡਿਆ, ਫਿਰ ਪੂਰਬੀ ਪੰਜਾਬ ਨੂੰ ਹੋਰ ਤਿੰਨ ਹਿਸਿਆਂ (ਪੰਜਾਬ, ਹਰਿਆਣਾ, ਹਿਮਾਚਲ) ਵਿਚ ਸਿਆਸਤਦਾਨਾਂ ਵਲੋਂ ਵੰਡ ਦਿੱਤਾ ਗਿਆ।ਇਹ ਸੀ ਪੰਜਾਬ ਦੀ ਵਿਰਾਸਤ ਦੀ ਛੋਟੀ ਜਿਹੀ ਝਲਕ ਜੋ ਸੱਤ ਸਮੁੰਦਰੋਂ ਪਾਰ ਆਪ ਮੁਹਾਰੇ ਬੋਲ ਰਹੀ ਹੈ।ਕੈਨੇਡਾ ਵਿਚ ਜੰਮਪਲ ਜਾਂ ਅਪਣਾਅ ਕੇ ਕੈਨੇਡੀਅਨ ਬਣੇ ਪੰਜਾਬੀ ਪਿਛੋਕੜਾਂ ਨੂੰ ‘’ਪੰਜਾਬ’’ ਨਾਮੀ ਸ਼ਬਦ ਇਸ ਮੀਊਜ਼ੀਅਮ ਦੇ ਨਾਉਂ ਨਾਲ ਜ਼ਰੂਰ ਹੀ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਵਿਰਾਸਤ ਦੀ ਸਹੀ ਤਰਜਮਾਨੀ ਹੋ ਸਕੇ।ਕਿੰਨਾ ਚੰਗਾ ਹੋਵੇ ਜੇ ਇਸ ਮੀਊਜ਼ੀਅਮ ਦਾ ਨਾਉਂ ‘’ਕੈਨੇਡਾ ਵਿਚ ਪੰਜਾਬੀ ਵਿਰਾਸਤ’’ ਨਾਲ ਮਿਲਦਾ ਜੁਲਦਾ ਕੋਈ ਵੀ ਨਾਂ ਰੱਖ ਦਿੱਤਾ ਜਾਵੇ!

ਰੁਝਾਨ ਖਬਰਾਂ