ਫੈਡਰਲ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਬਾਦੀ ਵਾਧੇ ਦੀ ਰਫ਼ਤਾਰ ਹੋਈ ਹੌਲੀ
ਸਰੀ, (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 2025 ਦੀ ਤੀਜੀ ਤਿਮਾਹੀ (ਜੁਲਾਈ ਤੋਂ ਸਤੰਬਰ) ਵਿੱਚ ਦੇਸ਼ ਦੀ ਆਬਾਦੀ ਵਿੱਚ ਰਿਕਾਰਡ ਗਿਰਾਵਟ ਆਈ ਹੈ। ਆਬਾਦੀ 76,068 ਵਿਅਕਤੀਆਂ ਜਾਂ 0.2 ਫੀਸਦੀ ਘਟ ਗਈ ਹੈ। 1 ਅਕਤੂਬਰ 2025 ਤੱਕ ਕੈਨੇਡਾ ਦੀ ਕੁੱਲ ਆਬਾਦੀ 41,575,585 ਹੋ ਗਈ ਹੈ। ਇਹ ਗਿਰਾਵਟ 1946 ਤੋਂ ਬਾਅਦ ਸਿਰਫ਼ ਦੂਜੀ ਵਾਰ ਹੋਈ ਹੈ। ਇਸ ਤੋਂ ਪਹਿਲਾਂ 2020 ਵਿੱਚ ਕੋਵਿਡ ਮਹਾਮਾਰੀ ਕਾਰਨ ਆਬਾਦੀ ਘਟੀ ਸੀ।
ਇਸ ਗਿਰਾਵਟ ਦਾ ਮੁੱਖ ਕਾਰਨ ਨੌਨ-ਪਰਮਾਨੈਂਟ ਰੈਜ਼ੀਡੈਂਟਸ (ਐੱਨਪੀਆਰ) ਵਿੱਚ ਭਾਰੀ ਗਿਰਾਵਟ ਹੈ। ਇਸ ਤਿਮਾਹੀ ਵਿੱਚ ਐੱਨਪੀਆਰ ਵਿੱਚ 176,479 ਜਾਂ ਲਗਭਗ 6 ਫੀਸਦੀ ਦੀ ਗਿਰਾਵਟ ਆਈ ਹੈ, ਜੋ 1971 ਤੋਂ ਸਭ ਤੋਂ ਵੱਡੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ ਇਹ ਗਿਰਾਵਟ ਮੁੱਖ ਤੌਰ ਤੇ ਇੰਟਰਨੈਸ਼ਨਲ ਸਟੱਡੀ ਪਰਮਿਟ ਹੋਲਡਰਾਂ ਵਿੱਚ ਘਾਟ ਕਾਰਨ ਹੈ। ਫੈਡਰਲ ਸਰਕਾਰ ਨੇ ਸਟੱਡੀ ਪਰਮਿਟਾਂ ਤੇ ਕੈਪ ਲਗਾ ਕੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਆਬਾਦੀ ਦੇ 6.5 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਟੀਚਾ ਰੱਖਿਆ ਹੈ।ਤੀਜੀ ਤਿਮਾਹੀ ਵਿੱਚ ਇੰਟਰਨੈਸ਼ਨਲ ਸਟੱਡੀ ਪਰਮਿਟ ਹੋਲਡਰਾਂ ਵਿੱਚ 73,682 ਤੇ ਜੁਆਇੰਟ ਸਟੱਡੀ-ਵਰਕ ਪਰਮਿਟ ਹੋਲਡਰਾਂ ਵਿੱਚ 67,616 ਦੀ ਗਿਰਾਵਟ ਆਈ। ਸਿਰਫ਼ ਵਰਕ ਪਰਮਿਟ ਹੋਲਡਰ 35,231 ਘੱਟ ਗਏ ਹਨ। ਐੱਨਪੀਆਰ ਵਿੱਚ ਕੁੱਲ 339,505 ਵਿਅਕਤੀਆਂ ਦੇ ਪਰਮਿਟ ਖਤਮ ਹੋਣ ਕਾਰਨ ਬਾਹਰ ਗਏ, ਜਦਕਿ ਨਵੇਂ ਸਿਰਫ਼ 163,026 ਆਏ। ਸਾਲ ਦੇ ਪਹਿਲੇ ਤਿੰਨ ਤਿਮਾਹੀਆਂ ਵਿੱਚ ਐੱਨਪੀਆਰ ਵਿੱਚ ਕੁੱਲ 290,392 ਦੀ ਗਿਰਾਵਟ ਆਈ ਹੈ। 1 ਅਕਤੂਬਰ ਤੱਕ ਐੱਨਪੀਆਰ ਆਬਾਦੀ ਦੇ 6.8 ਫੀਸਦੀ ਹਨ, ਜੋ ਜੁਲਾਈ ਵਿੱਚ 7.3 ਫੀਸਦੀ ਸਨ।
ਹਰ ਸੂਬੇ ਅਤੇ ਟੈਰੀਟਰੀ ਵਿੱਚ ਆਬਾਦੀ ਘਟੀ ਹੈ, ਸਿਵਾਏ ਅਲਬਰਟਾ ਤੇ ਨੂਨਾਵੁਟ ਦੇ। ਓਂਟਾਰੀਓ ਵਿੱਚ 0.4 ਫੀਸਦੀ ਤੇ ਬ੍ਰਿਟਿਸ਼ ਕੋਲੰਬੀਆ ਵਿੱਚ 0.3 ਫੀਸਦੀ ਗਿਰਾਵਟ ਆਈ। ਇਹ ਦੋਵੇਂ ਸੂਬੇ ਵੱਡੀ ਗਿਣਤੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਘਰ ਹਨ ਤੇ ਸਟੱਡੀ ਪਰਮਿਟ ਹੋਲਡਰਾਂ ਵਿੱਚ ਗਿਰਾਵਟ ਇੱਥੇ ਹੀ ਕੇਂਦਰਿਤ ਰਹੀ। ਅਲਬਰਟਾ ਵਿੱਚ ਵਾਧਾ ਸਭ ਤੋਂ ਘੱਟ ਰਿਹਾ, ਜੋ ਕੋਵਿਡ ਬਾਰਡਰ ਪਾਬੰਦੀਆਂ ਵਾਲੇ 2021 ਤੋਂ ਬਾਅਦ ਪਹਿਲੀ ਵਾਰ ਹੋਇਆ। ਨੂਨਾਵੁਟ ਵਿੱਚ ਐੱਨਪੀਆਰ ਵਿੱਚ 10 ਵਿਅਕਤੀਆਂ ਦਾ ਵਾਧਾ ਹੋਇਆ ਤੇ ਆਬਾਦੀ 0.2 ਫੀਸਦੀ ਵਧੀ।
ਪਰਮਾਨੈਂਟ ਇਮੀਗ੍ਰੇਸ਼ਨ ਨੇ ਗਿਰਾਵਟ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ। ਤੀਜੀ ਤਿਮਾਹੀ ਵਿੱਚ 102,867 ਨਵੇਂ ਪਰਮਾਨੈਂਟ ਰੈਜ਼ੀਡੈਂਟ ਆਏ। ਸਾਲ ਭਰ ਵਿੱਚ 310,584 ਇਮੀਗ੍ਰੈਂਟ ਆਏ ਹਨ। ਸਰਕਾਰ ਦੀ 2025-2027 ਇਮੀਗ੍ਰੇਸ਼ਨ ਪਲੈਨ ਅਨੁਸਾਰ ਪਰਮਾਨੈਂਟ ਰੈਜ਼ੀਡੈਂਟਸ ਦੇ ਟਾਰਗੇਟ ਨੂੰ 500,000 ਤੋਂ ਘਟਾ ਕੇ 395,000 (2025) ਤੇ ਫਿਰ ਘਟਾਇਆ ਜਾਵੇਗਾ। 2026-2028 ਵਿੱਚ ਟਾਰਗੇਟ 380,000 ਪ੍ਰਤੀ ਸਾਲ ਰੱਖਿਆ ਗਿਆ ਹੈ।
ਅਸਾਈਲਮ ਕਲੇਮੈਂਟਸ ਤੇ ਪ੍ਰੋਟੈਕਟਿਡ ਰੈਫਿਊਜੀਜ਼ ਵਿੱਚ 7,324 ਦਾ ਵਾਧਾ ਹੋਇਆ, ਜੋ ਰਿਕਾਰਡ 504,767 ਤੇ ਪਹੁੰਚ ਗਏ। ਪਰ ਇਹ ਵਾਧਾ 2022 ਤੋਂ ਸਭ ਤੋਂ ਘੱਟ ਹੈ।
ਅਬਾਦੀ ਵਿੱਚ ਗਿਰਾਵਟ ਫੈਡਰਲ ਸਰਕਾਰ ਦੀਆਂ ਟੈਂਪਰੇਰੀ ਇਮੀਗ੍ਰੇਸ਼ਨ ਘਟਾਉਣ ਵਾਲੀਆਂ ਨੀਤੀਆਂ ਦਾ ਸਿੱਧਾ ਨਤੀਜਾ ਹੈ। 2024 ਵਿੱਚ ਸਰਕਾਰ ਨੇ ਸਟੱਡੀ ਪਰਮਿਟਾਂ ਤੇ 35 ਫੀਸਦੀ ਕਟੌਤੀ ਦਾ ਐਲਾਨ ਕੀਤਾ ਸੀ ਤੇ 2025 ਵਿੱਚ ਹੋਰ 10 ਫੀਸਦੀ ਘਟਾਉਣ ਦਾ ਫੈਸਲਾ ਲਿਆ। ਵਰਕ ਪਰਮਿਟ ਨਿਯਮ ਵੀ ਸਖ਼ਤ ਕੀਤੇ ਗਏ। ਇਸ ਦਾ ਮਕਸਦ ਹਾਊਸਿੰਗ ਕ੍ਰਾਈਸਿਸ, ਸਿਹਤ ਸੇਵਾਵਾਂ ਤੇ ਬੁਨਿਆਦੀ ਢਾਂਚੇ ਤੇ ਪੈ ਰਹੇ ਦਬਾਅ ਨੂੰ ਘਟਾਉਣਾ ਸੀ। ਪਿਛਲੇ ਕੁਝ ਸਾਲਾਂ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਵਿੱਚ ਭਾਰੀ ਵਾਧੇ ਨੇ ਆਬਾਦੀ ਨੂੰ ਤੇਜ਼ੀ ਨਾਲ ਵਧਾਇਆ ਸੀ। 2023 ਦੀ ਤੀਜੀ ਤਿਮਾਹੀ ਵਿੱਚ ਰਿਕਾਰਡ 418,634 ਵਿਅਕਤੀ ਵਧੇ ਸਨ।
ਮਾਹਿਰਾਂ ਮੁਤਾਬਕ ਇਹ ਨੀਤੀਆਂ ਲੰਮੇ ਸਮੇਂ ਵਿੱਚ ਆਰਥਿਕ ਵਿਕਾਸ ਤੇ ਲੇਬਰ ਮਾਰਕੀਟ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਕਿਉਂਕਿ ਟੈਂਪਰੇਰੀ ਵਰਕਰ ਤੇ ਸਟੂਡੈਂਟ ਕਈ ਸੈਕਟਰਾਂ ਵਿੱਚ ਮਹੱਤਵਪੂਰਨ ਹਨ। ਪਰ ਸਰਕਾਰ ਨੇ ਇਸ ਨੂੰ “ਸਟੇਬਲਾਈਜ਼ੇਸ਼ਨ” ਕਰਾਰ ਦਿੱਤਾ ਹੈ ਤੇ ਪਰਮਾਨੈਂਟ ਇਮੀਗ੍ਰੇਸ਼ਨ ਤੇ ਫੋਕਸ ਵਧਾਇਆ ਹੈ।
ਇਹ ਅੰਕੜੇ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਵੱਡੀ ਤਬਦੀਲੀ ਨੂੰ ਦਰਸਾਉਂਦੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਆਬਾਦੀ ਵਿਕਾਸ ਦੀ ਰਫਤਾਰ ਨੂੰ ਹੌਲੀ ਕਰਨ ਦੇ ਸੰਕੇਤ ਦਿੰਦੇ ਹਨ। This report was written by Ekjot Singh as part of the Local Journalism Initiative.

