9.1 C
Vancouver
Sunday, April 12, 2026

ਵਿਛੋੜਾ ਰਾਜਵੀਰ ਜਵੰਦਾ ਦਾ…

ਰਸਪਾਲ ਸਿੰਘ ਗਿੱਲ ਵੈਨਕੂਵਰ
ਸਿਰਮੌਰ ਗਾਇਕ ਰਾਜਵੀਰ ਸਿੰਘ ਜਵੰਦਾ ਦਾ ਭਰ ਜਵਾਨੀ ਵਿੱਚ ਚਲੇ ਜਾਣਾ ਲੱਖਾਂ ਪੰਜਾਬੀਆਂ ਦੇ ਦਿਲਾਂ ਨੂੰ ਤੋੜ ਗਿਆ ਹੈ। ਸੋਹਣਾ ਸੁਨੱਖਾ, ਪਤਲਾ ਅਤੇ ਫੁਰਤੀਲਾ ਗਾਇਕ ਰਾਜਵੀਰ ਬਣ ਫਬਕੇ ਰਹਿਣ ਦਾ ਸ਼ੌਕੀਨ ਸੀ। ਤਿਖੀ ਨੋਕਦਾਰ ਫਿਫਟੀ ਲਗਾਕੇ ਕਮਾਲ ਦੀ ਸਲੀਕੇ ਨਾਲ ਬੰਨੀ ਪੱਗ ਉਹਦੇ ਰੂਪ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੀ। ਉਹ ਨਿਮਰਤਾ ਵਾਲਾ ਇਨਸਾਨ ਸੀ। ਗੱਲਬਾਤ ਹਮੇਸ਼ਾ ਸਲੀਕੇ ਨਾਲ ਤੇ ਪਿਆਰ ਮੁਹੱਬਤ ਨਾਲ ਹੀ ਕਰਦਾ। ਫੜ ਮਾਰਨ ਦੀ ਉਹਦੀ ਆਦਤ ਹੀ ਨਹੀਂ ਸੀ ।
ਉਹਨੇ ਕੁਝ ਚਿਰ ਪੁਲਿਸ ਵਿੱਚ ਨੌਕਰੀ ਵੀ ਕੀਤੀ । ਜਿੱਥੋਂ ਉਸ ਦਾ ਅਨੁਸ਼ਾਸਨ ਪਸੰਦ ਵਿਅਕਤੀਤਵ ਹੋਰ ਵੀ ਨਿੱਖਰ ਕੇ ਸਾਹਮਣੇ ਆਇਆ ਪਰ ਉਹਦਾ ਇਸ ਮਹਿਕਮੇ ਚ ਮਨ ਨਾ ਟਿਕਿਆ । ਉਹ ਨਿਤ ਕੁਝ ਨਾ ਕੁਝ ਸਿੱਖਣ ਦਾ ਚਾਹਵਾਨ ਵਿਅਕਤੀ ਰਿਹਾ।
ਪਿੰਡ ਛਡ ਉਹਨੇ ਆਪਣੀ ਸ਼ਾਨਦਾਰ ਕੋਠੀ ਮੋਹਾਲੀ ਵੀ ਬਣਾ ਲਈ । ਉਹਨੇ ਆਪਣੀ ਮੁਢਲੀ ਪੜ੍ਹਾਈ ਜਗਰਾਉਂ ਦੇ ਜੈਨ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ ਸੀ ਅਤੇ ਉਹਨੇ ਗ੍ਰੈਜੂਏਸ਼ਨ ਜਗਰਾਉਂ ਦੇ ਡੀਏਵੀ ਕਾਲਜ ਤੋਂ ਪ੍ਰਾਪਤ ਕੀਤੀ । ਜਿੱਥੇ ਉਹਦੇ ਦਾਖਲੇ ਤੋਂ ਪਹਿਲਾਂ ਪ੍ਰੋਫੈਸਰ ਗੁਰਭਜਨ ਗਿੱਲ ਨੇ ਸਾਹਿਤਕ ਸਰਗਰਮੀਆਂ ਦੇ ਬੀਜ ਬੀਜ ਦਿੱਤੇ ਸਨ ।
ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਉਹਦੀ ਕਲਾ ਦੀ ਪਛਾਣ ਕੀਤੀ ਤੇ ਹੌਸਲਾ ਦਿੱਤਾ । ਉਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਥੀਏਟਰ ਦੀ ਪੜ੍ਹਾਈ ਕੀਤੀ। ઠਇੱਥੇ ਉਹਦਾ ਮੇਲ ਕਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਨਾਲ ਹੋਇਆ ਜੋ ਸੋਨੇ ਤੇ ਸੁਹਾਗੇ ਵਾਲਾ ਸਾਬਤ ਹੋਇਆ।
ਉਹਨੇ ਨੰਬਰ ਵਨ ਪੁਜੀਸ਼ਨਾਂ ਯੂਨੀਵਰਸਿਟੀ ਵਿੱਚ ਲੈਂਦਿਆਂ ਗੋਲਡ ਮੈਡਲ ਹਾਸਲ ਕੀਤੇ । ਉਹਨੇ ਗੰਦੇ ਤਾਂ ਵਾਲੇ ਗੀਤਾਂ ਤੋਂ ਕਿਨਾਰਾ ਕਰੀ ਰੱਖਿਆ । ਸ਼ੌਕੀਨ ਤੇ ਹੁਸੀਨ ਰਾਜਵੀਰ ਨੇ ਰੱਜ ਕੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਗਾਇਆ । ਲੋਹੜਿਆਂ ਦਾ ਉਸ ਨੂੰ ਮਾਣ ਤਾਣ ਮਿਲਿਆ।
ਉਹ ਬੀਬਾ ਇਨਸਾਨ ਸੀ ।
ਹਰ ਕਿਸੇ ਨਾਲ ਹੱਸ ਕੇ ਪਿਆਰ ਨਾਲ ਗੱਲਾਂ ਕਰਦਾ। ਵਾਦ-ਵਿਵਾਦ ਤੋਂ ਨਿਰਲੇਪ ਰਿਹਾ ।
ਕਿਸੇ ਕਲਾਕਾਰ ਨੂੰ ਉਹ ਨੀਵਾਂ ਨਾ ਹੋਣ ਦਿੰਦਾ ।
ਹਰ ਇੱਕ ਦੀ ਕਦਰ ਕਰਦਾ ।
ਜ਼ਿਕਰਯੋਗ ਹੈ ਕਿ ਕੰਗਣੀ ਗੀਤ ਨੇ ਉਹਦੀ ਗਾਇਕੀ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਅਤੇ ਲੋਕਾਂ ਨੇ ਉਹਨੂੰ ਪਲਕਾਂ ਤੇ ਬਿਠਾ ਲਿਆ ।
ਉਹਦਾ ਇੱਕ ਤੋਂ ਬਾਅਦ ਇੱਕ ਗੀਤ ਹਿੱਟ ਹੁੰਦਾ ਚਲਾ ਗਿਆ ।
ਰਾਜਵੀਰ ਵਿੱਚ ਊਰਜਾ ਸੀ ਲੋਹਿੜਆਂ ਦੀ ਤੇ ਉਤਸ਼ਾਹ ਦੇ ਨਾਲ ਨਾਲ ਆਪਣੇ ਪਿਆਰੇ ਪੰਜਾਬ ਲਈ ਅਥਾਹ ਪਿਆਰ ਤੇ ਮੁਹੱਬਤ। ਪਤਾ ਨਹੀਂ ਉਹਨੂੰ ਕਿਹਦੀਆਂ ਨਜ਼ਰਾਂ ਲੱਗ ਗਈਆਂ ।
ਜਿਸ ਕਰਕੇ ਇਹ ਭਾਣਾ ਵਰਤ ਗਿਆ ।
ਜਗਰਾਉਂ ਦਾ ਸ਼ਾਇਦ ਆਜ਼ਾਦੀ ਤੋਂ ਪਹਿਲਾਂ ਕੋਈ ਅਜਿਹਾ ਕਲਾਕਾਰ ਪੈਦਾ ਹੋਇਆ ਹੋਵੇ ਅਜਿਹੇ ਹੀਰੇ ਨਿਤ ਨਿਤ ਤਾਂ ਜੰਮਦੇ ਨਹੀਂ ਸਦੀਆਂ ਲੱਗਦੀਆਂ ਹਨ ।
ਰਾਜਵੀਰ ਜਵੰਦਾ ਦਾ ਜਨਮ ਨਿੱਕੇ ਜੇ ਪਿੰਡ ਪੋਨਾ ਜਗਰਾਉਂ ਵਿਖੇ 35 ਸਾਲ ਪਹਿਲਾਂ ਹੋਇਆ ਸੀ।
ਜ਼ੁਬਾਨ ਖ਼ਾਮੋਸ਼ ਔਰ ਆਖੋਂ ਮੇਂ ਨਮੀ ਹੋਗੀ,
ਯਹੀ ਬਸ ਮੇਰੀ ਦਾਸਤਾਨ ਏ ਜ਼ਿੰਦਗੀ ਹੋਗੀ,
ਭਰਨੇ ਕੋ ਤੋ ਜ਼ਖਮ ਭਰ ਜਾਏਗਾ ਲੇਕਿਨ,
ਕੈਸੇ ਭਰੇਗੀ ਵੋ ਜਗਹ ਜਹਾਂ ਤੇਰੀ ਕਮੀ ਹੋਗੀ।

ਰੁਝਾਨ ਖਬਰਾਂ