11.9 C
Vancouver
Sunday, June 7, 2026

ਬੇਹੱਦ ਦੁਸ਼ਵਾਰੀਆਂ ਭਰਿਆ ਹੈ ਭਾਰਤੀ ਬਾਲੜੀਆਂ ਦਾ ਜੀਵਨ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: 97816-46008

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਇਕ ਵੱਡੇ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਆਗੂ ਸਨ, ਨੇ ਆਪਣੇ ਸਮੇਂ ਅੰਦਰ ਨਾਰੀ ਨਾਲ ਹੁੰਦੇ ਵਿਤਕਰੇ ਅਤੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਤੇ ਨਾਰੀ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਦਿਆਂ ਉਚਾਰਿਆ ਸੀ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਇਸੇ ਤਰ੍ਹਾਂ ਦੁਨੀਆਂ ਦੇ ਹੋਰ ਵਿਦਵਾਨਾਂ ਤੇ ਮਹਾਂਪੁਰਖਾਂ ਨੇ ਵੀ ਨਾਰੀ ਨੂੰ ਪੁਰਖ ਤੋਂ ਉੱਤਮ ਐਲਾਨਿਆ ਹੈ ਪਰ ਤਲਖ਼ ਹਕੀਕਤ ਇੳਹ ਹੈ ਕਿ ਇਸੇ ਭਾਰਤ ਦੇਸ਼ ਵਿਚ ਨਾਰੀ ਲਈ ‘ਨਾਰੀ ਨਰਕ ਕਾ ਦੁਆਰ’ ਜਿਹੇ ਵਾਕ ਵੀ ਉਚਾਰੇ ਗਏ ਹਨ ਤੇ ਹਰੇਕ ਯੁਗ ਵਿਚ ਨਾਰੀ ਨੂੰ ਹੀ ‘ਅਗਨ ਪ੍ਰੀਖਿਆ’ ਦੇਣੀ ਪਈ ਹੈ। ਅਜੋਕੇ ਯੁਗ ਨੂੰ ਬੇਸ਼ੱਕ ਵਿਗਿਆਨ ਤੇ ਤਕਨੀਕ ਦਾ ਯੁਗ ਐਲਾਨਿਆ ਜਾਂਦਾ ਹੈ ਪਰ ਇਸੇ ਯੁਗ ਵਿਚ ਦੁਨੀਆਂ ਭਰ ਅੰਦਰ ਤੇ ਖ਼ਾਸ ਕਰਕੇ ਏਸ਼ਿਆਈ ਖਿੱਤੇ ਵਿਚ ਨਾਰੀ ਦਾ ਜਨਮ ਤੇ ਜੀਵਨ ਭਾਰੀ ਖ਼ਤਰੇ ਵਿਚ ਲੰਘ ਰਿਹੈ। ਅੱਜ ਭਾਰਤ ਦੀਆਂ ਹੱਦਾਂ ਅੰਦਰ ਬਾਲੜੀਆਂ ਨੂੰ ਅਸੰਖਾਂ ਹੀ ਔਕੜਾਂ ਦਰਪੇਸ਼ ਹਨ ਤੇ ਵਹਿਸ਼ੀ ਦਰਿੰਦਿਆਂ ਦੇ ਹੱਥੋਂ ਬੇਪੱਤ ਹੋਣ ਦਾ ਖ਼ਤਰਾ ਸਦਾ ਹੀ ਉਨ੍ਹਾਂ ਦੇ ਸਿਰਾਂ ‘ਤੇ ਮੰਡਰਾਉਂਦਾ ਰਹਿੰਦਾ ਹੈ। ਘਰ ਤੇ ਬਾਹਰ ਦੋਵਾਂ ਥਾਵਾਂ ‘ਤੇ ਬਾਲੜੀਆਂ ਨੂੰ ਆਪਣੇ ਚੰਗੇਰੇ ਭਵਿੱਖ ਲਈ ਭਾਰੀ ਸੰਘਰਸ਼ ਕਰਨਾ ਪੈਂਦਾ ਹੈ। ਕੋਝੀਆਂ ਪ੍ਰੰਪਰਾਵਾਂ ਦੀ ਆੜ ਵਿਚ ਬੇਟੇ ਦੀ ਚਾਹਤ ਨੇ ਅਸੰਖਾਂ ਬੇਟੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਇਸ ਜਹਾਨੋਂ ਤੋਰ ਦਿੱਤਾ ਹੈ ਤੇ ਦਾਜ ਜਾਂ ਤੇਜ਼ਾਬ ਦੀ ਬਲੀ ਚੜ੍ਹੀਆਂ ਬੱਚੀਆਂ ਦਾ ਤਾਂ ਜੀਵਨ ਹੀ ਨਰਕ ਬਣਾ ਦਿੱਤਾ ਗਿਆ ਹੈ। ਅੱਜ ਕੌਮਾਂਤਰੀ ਬਾਲੜੀ ਦਿਵਸ ਹੈ। ਅੱਜ ਉਨ੍ਹਾਂ ਸਾਰੇ ਬਿੰਦੂਆਂ ‘ਤੇ ਚਿੰਤਾ ਅਤੇ ਚਿੰਤਨ ਕਰਨ ਦੀ ਲੋੜ ਹੈ ਜਿਨ੍ਹਾਂ ਬਿੰਦੂਆਂ ‘ਤੇ ਸੱਭਿਅਕ ਸਮਾਜ ਅੰਦਰ ਵੀ ਸਾਡੀਆਂ ਬੱਚੀਆਂ ਦੀ ਉਹ ਦੁਰਦਸ਼ਾ ਹੋ ਰਹੀ ਹੈ ਜੋ ਕਿ ਬਿਆਨ ਤੋਂ ਪਰ੍ਹੇ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਭਾਰਤ ਤਾਂ ਕੰਜਕਾਂ ਅਤੇ ਦੇਵੀਆਂ ਦਾ ਪੂਜਕ ਮੁਲਕ ਹੈ ਪਰ ਇਥੇ ਆਏ ਦਿਨ ਬੱਚੀਆਂ ਤੇ ਮਹਿਲਾਵਾਂ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਦੀਆਂ ਘਟਨਾਵਾਂ ਵਾਪਰਦੀਆਂ ਹਨ। ਅੱਜ ਹਾਲਾਤ ਇਹ ਬਣ ਗਏ ਹਨ ਕਿ ਵਿਚਾਰੇ ਮਾਪੇ ਇਕੱਲੀ ਧੀ ਨੂੰ ਕੈਨੇਡਾ ਜਾਂ ਕਿਸੇ ਹੋਰ ਵਿਦੇਸ਼ੀ ਮੁਲਕ ਵਿਚ ਭੇਜਦੇ ਸਮੇਂ ਉਸਦੀ ਆਬਰੂ ਨੂੰ ਲੈ ਕੇ ਇੰਨੇ ਫ਼ਿਕਰਮੰਦ ਨਹੀਂ ਹੁੰਦੇ, ਜਿੰਨਾ ਆਪਣੇ ਪਿੰਡ ਜਾਂ ਸ਼ਹਿਰ ਵਿਚ ਸ਼ਾਮ ਜਾਂ ਰਾਤ ਦੇ ਸਮੇਂ ਆਪਣੀ ਧੀ ਨੂੰ ਇਕੱਲਿਆਂ ਘਰੋਂ ਬਾਹਰ ਭੇਜ ਕੇ ਹੁੰਦੇ ਹਨ। ਸੰਯੁਕਤ ਰਾਸ਼ਟਰ ਸੰਘ ਵਿਚ ਔਰਤਾਂ ਦੀ ਭਲਾਈ ਦੀ ਰਾਜਦੂਤ ਐਮਾ ਵਾਟਸਨ ਨੇ ਆਪਣ ਇਕ ਸੰਬੋਧਨ ਵਿਚ ਵਿਸ਼ਵ ਦੇ ਸਮੂਹ ਪਰਿਵਾਰਾਂ ਅਤੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਸੀ, ‘ਬਾਲੜੀਆਂ ਸਬੰਧੀ ਕੁਰੀਤੀਆਂ ਜਿਵੇਂ ਕਿ ਬਾਲ ਵਿਆਹ, ਬਾਲ ਮਜ਼ਦੂਰੀ, ਲਿੰਗਕ ਹਿੰਸਾ, ਲਿੰਗ ਆਧਾਰਿਤ ਵਿਤਕਰਾ ਆਦਿ ਨੂੰ ਠੱਲ੍ਹ ਪਾਈ ਜਾਵੇ ਤੇ ਬਾਲੜੀਆਂ ਨਾਲ ਕੋਈ ਅਪਰਾਧਿਕ ਵਾਰਦਾਤ ਕਰਨ ਵਾਲਾ ਅਪਰਾਧੀ ਹਰਗ਼ਿਜ਼ ਵੀ ਬਖ਼ਸ਼ਿਆ ਨਾ ਜਾਵੇ।’ ਭਾਰਤ ਵਿਚ ਮੁੰਡਿਆਂ ਦੀ ਬਨਿਸਪਤ ਬਾਲੜੀਆਂ ਨਾਲ ਜਿਨ੍ਹਾਂ ਮੁੱਖ ਮੁੱਦਿਆਂ ‘ਤੇ ਵਿਤਕਰਾ ਕੀਤਾ ਜਾਂਦਾ ਹੈ, ਉਹ ਹਨ: ਸਿੱਖਿਆ ਤੱਕ ਪਹੁੰਚ, ਪੌਸ਼ਟਿਕ ਤੇ ਲੋੜੀਂਦੇ ਭੋਜਨ ਦੀ ਘਾਟ, ਕਾਨੂੰਨੀ ਹੱਕਾਂ ਦੀ ਘਾਟ, ਮੈਡੀਕਲ ਦੇਖਭਾਲ ਦੀ ਘਾਟ, ਸਮਾਜਿਕ ਅਸੁਰੱਖਿਆ, ਪਰਿਵਾਰਕ ਪੱਧਰ ‘ਤੇ ਵਿਤਕਰਾ, ਬਾਲ ਵਿਆਹ, ਜਿਸਮਾਨੀ ਛੇੜਛਾੜ ਦੀਆਂ ਸੂਚਿਤ ਕੀਤੀਆਂ ਘੱਟ ਅਤੇ ਅਣਸੂਚਿਤ ਵੱਧ ਘਟਨਾਵਾਂ-ਆਦਿ। ਭਾਰਤ ਵਿਚ ਬਾਲੜੀਆਂ ਨਾਲ ਹੋਣ ਵਾਲੇ ਵਿਤਕਰਿਆਂ ਅਤੇ ਜ਼ਿਆਦਤੀਆਂ ਦੀ ਮਿਕਦਾਰ ਬਹੁਤ ਜਿਆਦਾ ਅਤੇ ਅਫ਼ਸੋਸਨਾਕ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸੰਨ 2001 ਤੋਂ 2011 ਤੱਕ 80 ਲੱਖ ਬਾਲੜੀਆਂ ਨੂੰ ਮਾਂ ਦੇ ਪੇਟ ਵਿਚ ਹੀ ਖ਼ਤਮ ਕਰ ਦਿੱਤਾ ਗਿਆ ਸੀ। ਸੰਨ 2014-15 ਵਿਚ 9,01,038 ਦੇ ਮੁਕਾਬਲਤਨ ਸਾਲ 2016-17 ਵਿਚ 9,70,436 ਭਰੂਣ ਹੱਤਿਆਵਾਂ ਦਰਜ ਕੀਤੀਆਂ ਗਈਆਂ ਸਨ। ਸਾਲ 2023 ਦੇ ਜਨਸੰਖਿਆ ਅੰਕੜਿਆਂ ਅਨੁਸਾਰ ਪੁਰਸ਼ਾਂ ਅਤੇ ਮਹਿਲਾਵਾਂ ਦੀ ਸੰਖਿਆ ਦਾ ਅਨੁਪਾਤ 106.5: 100 ਸੀ ਭਾਵ 73.685 ਕਰੋੜ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਸੰਖਿਆ 69.178 ਕਰੋੜ ਸੀ। ‘ਸੇਵ ਦਿ ਗਰਲ ਚਾਈਲਡ ਆਰਗੇਨਾਈਜ਼ੇਸ਼ਨ’ ਭਾਵ ‘ਬੇਟੀ ਬਚਾਓ ਸੰਸਥਾ’ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਹਰ ਸਾਲ ਜਨਮ ਲੈਣ ਵਾਲੀਆਂ 1 ਕਰੋੜ 20 ਲੱਖ ਬਾਲੜੀਆਂ ਵਿਚੋਂ 10 ਲੱਖ ਬਾਲੜੀਆਂ ਆਪਣੀ ਉਮਰ ਦਾ ਪਹਿਲਾ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਹੀ ਇਸ ਜਹਾਨ ਤੋਂ ਟੁਰ ਜਾਂਦੀਆਂ ਹਨ ਅਤੇ 50 ਲੱਖ ਤੋਂ ਵੱਧ ਬਾਲੜੀਆਂ ਖ਼ੂਨ ਦੀ ਕਮੀ ਜਾਂ ਕੁਪੋਸ਼ਣ ਦੀਆਂ ਸ਼ਿਕਾਰ ਹੋ ਨਿੱਬੜਦੀਆਂ ਹਨ। ਸਾਲ 1972 ਵਿਚ ਪ੍ਰਤੀ ਇਕ ਹਜ਼ਾਰ ਜਣੇਪਿਆਂ ਦੌਰਾਨ 213 ਨਵਜੰਮੀਆਂ ਬੱਚੀਆਂ ਦੀ ਮੌਤ ਹੋ ਜਾਂਦੀ ਸੀ, ਜਦੋਂ ਕਿ ਸਾਲ 2021 ਵਿਚ ਇਹ ਦਰ ਸੁਧਰ ਕੇ ਪ੍ਰਤੀ ਹਜ਼ਾਰ ਜਣੇਪਿਆਂ ਪਿੱਛੇ 31 ਰਹਿ ਗਈ ਸੀ। ਇਸੇ ਤਰ੍ਹਾਂ ਸਾਲ 2015-16 ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਮੌਜੂਦ 15 ਤੋਂ 49 ਸਾਲ ਦੀਆਂ ਕੁੱਲ ਮਹਿਲਾਵਾਂ ਵਿਚੋਂ 23 ਫ਼ੀਸਦੀ ਮਹਿਲਾਵਾਂ ਕੁਪੋਸ਼ਿਤ ਸਨ ਜਦੋਂ ਕਿ ਸਾਲ 2022-23 ਵਿਚ ਅਲ੍ਹੱੜ ਉਮਰ ਦੀਆਂ ਕੁੱਲ ਬੱਚੀਆਂ ਵਿਚੋਂ 56 ਫ਼ੀਸਦੀ ਬੱਚੀਆਂ ਕੁਪੋਸਣ ਦੀਆਂ ਸ਼ਿਕਾਰ ਸਨ। ਸਾਡੇ ਮੁਲਕ ਵਿਚ ਯੁਗਾਂ ਪਹਿਲਾਂ ‘ਦੇਵਦਾਸੀ ਪ੍ਰਥਾ’ ਅਰੰਭ ਹੋਈ ਸੀ ਤੇ ਕੌਮੀ ਮਹਿਲਾ ਕਮਿਸ਼ਨ ਵੱਲੋਂ ਸੰਨ 2006 ਵਿਚ ਜਾਰੀ ਕੀਤੀ ਰਿਪੋਰਟ ਅਨੁਸਾਰ ਭਾਰਤ ਵਿਚ ਉਸ ਸਾਲ ਵੀ ਢਾਈ ਲੱਖ ਦੇਵਦਾਸੀਆਂ ਸਨ। ਜ਼ਿਕਰਯੋਗ ਹੈ ਕਿ ਹਿੰਦੂ ਮਾਨਤਾਵਾਂ ਅਨੁਸਾਰ ਪਰਿਵਾਰ ਵੱਲੋਂ ਆਪਣੀ ਬਾਲੜੀ ਕਿਸੇ ਮੰਦਰ ਨੂੰ ਸਦਾ ਲਈ ਭੇਂਟ ਕਰ ਦਿੱਤਾ ਜਾਂਦਾ ਸੀ ਜਾਂ ਮੰਦਰ ਦੇ ਦੇਵਤਾ ਨਾਲ ਵਿਆਹੇ ਜਾਣ ਦਾ ਪ੍ਰਪੰਚ ਰਚ ਕੇ ਉਸਨੂੰ ਹਮੇਸ਼ਾ ਲਈ ਮੰਦਰ ‘ਚ ਹੀ ਛੱਡ ਦਿੱਤਾ ਜਾਂਦਾ ਸੀ ਤੇ ਬਾਅਦ ਵਿਚ ਮੰਦਰ ਪ੍ਰਸ਼ਾਸ਼ਨ ਜਾਂ ਹੋਰ ਲੋਕਾਂ ਵੱਲੋਂ ਮਨਮਾਨੀਆਂ ਕਰਦਿਆਂ ਹੋਇਆਂ ਇਨ੍ਹਾਂ ਦੇਵਦਾਸੀਆਂ ਦਾ ਸ਼ਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ। ਅੱਜ ਜਦੋਂ ਭਾਰਤ ਦੀਆਂ ਅਸੰਖਾਂ ਬੱਚੀਆਂ ਨੇ ਆਪਣੀ ਵਿਦਵਤਾ, ਕਾਬਲੀਅਤ ਅਤੇ ਸੂਰਬੀਰਤਾ ਰਾਹੀਂ ਵੱਡੀਆਂ ਮੱਲਾਂ ਮਾਰ ਕੇ ਵਾਰ-ਵਾਰ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਲੜਕਿਆਂ ਨਾਲੋਂ ਕਿਸੇ ਖੇਤਰ ਵਿਚ ਜਾਂ ਕਿਸੇ ਪੱਧਰ ‘ਤੇ ਵੀ ਘੱਟ ਨਹੀਂ ਹਨ, ਉਦੋਂ ਵੀ ਭਾਰਤ ਵਿਚ ਅਧਿਕਤਰ ਬਾਲੜੀਆਂ ਦੀ ਹਾਲਤ ਕੋਈ ਸੰਤੋਖਜਨਕ ਨਹੀਂ ਹੈ। ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ ਵਿਚ ਮਾਸੂਮ ਬਾਲੜੀਆਂ ਨਾਲ ਜਿਸਮਾਨੀ ਛੇੜਛਾੜ ਜਾਂ ਕੁਕਰਮ ਕੀਤੇ ਜਾਣ ਦੀਆਂ ਸ਼ਰਮਨਾਕ ਘਟਨਾਵਾਂ ਆਏ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ। ਹਰੇਕ ਦਸ ਵਿਚੋ ਇਕ ਬਾਲੜੀ ਆਪਣੇ ਹੀ ਕਿਸੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਗੁਆਂਢੀ, ਸਹਿਪਾਠੀ, ਸਕੂਲ ਸਟਾਫ਼ ਜਾਂ ਬਦਮਾਸ਼ਾਂ ਹੱਥੋਂ ਜਿਸਮਾਨੀ ਛੇੜਛਾੜ ਦੀ ਸ਼ਿਕਾਰ ਬਣ ਰਹੀ ਹੈ। ਭਾਰਤ ਵਿਚ ਦਰਜ ਬਲਾਤਕਾਰ ਦੇ ਕੁੱਲ ਮਾਮਲੇ ਸਾਲ 2019 ਵਿਚ 32,033, ਸੰਨ 2020 ਵਿਚ 28,046 ਅਤੇ ਸੰਨ 2021 ਵਿਚ 31,677 ਸਨ। ਹੈ&ਰਾਨੀ ਦੀ ਗੱਲ ਹੈ ਕਿ ਐਨ.ਸੀ.ਆਰ.ਬੀ. ਨੇ ਹੁਣ ਮਹਿਲਵਾਂ ਖ਼ਿਲਾਫ਼ ਜ਼ੁਲਮਾਂ ਦੇ ਅੰਕੜੇ ਹੀ ਆਪਣੀ ਵੈੱਬਸਾਈਟ ‘ਤੇ ਪਾਉਣੇ ਬੰਦ ਕਰ ਦਿੱਤੇ ਹਨ। ਕੌੜਾ ਸੱਚ ਇਹ ਹੈ ਕਿ ਰਿਪੋਰਟ ਨਾ ਕੀਤੇ ਗਏ ਬਲਾਤਕਾਰ ਦੇ ਮਾਮਲਿਆਂ ਦੀ ਸੰਖਿਆਂ, ਰਿਪੋਰਟ ਕੀਤੇ ਗਏ ਮਾਮਲਿਆਂ ਨਾਲੋਂ ਕਿਤੇ ਜ਼ਿਆਦਾ ਹੈ। ਮੁਲਕ ਭਰ ਵਿਚ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀਆਂ ਮਹਿਲਾਵਾਂ ਵਿਚੋਂ 28 ਫ਼ੀਸਦੀ ਨਾਬਾਲਿਗ ਬਾਲੜੀਆਂ ਹੁੰਦੀਆਂ ਹਨ ਤੇ ਉਸ ਤੋਂ ਵੀ ਵੱਧ ਸਿਤਮ ਦੀ ਗੱਲ ਇਹ ਹੈ ਕਿ ਬੱਚੀਆਂ ਨਾਲ ਵਾਪਰਦੀਆਂ ਬਲਾਤਕਾਰ ਦੀਆਂ ਘਟਨਾਵਾਂ ਵਿਚੋਂ 89 ਫ਼ੀਸਦੀ ਘਟਨਾਵਾਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਜਾਣਕਾਰ ਲੋਕਾਂ ਵੱਲੋਂ ਹੀ ਅੰਜਾਮ ਦਿੱਤੀਆਂ ਜਾਂਦੀਆਂ ਹਨ। ਕਿੰਨੀ ਖ਼ਤਰਨਾਕ ਗੱਲ ਹੈ ਕਿ ਸਾਡੇ ਦੇਸ਼ ਵਿਚ ਹਰ ਸਾਲ ਗੁਮਸ਼ੁਦਾ ਹੋ ਜਾਣ ਵਾਲੇ ਕੁੱਲ ਬੱਚਿਆਂ ਵਿਚੋਂ 70 ਫ਼ੀਸਦੀ ਅਣਭੋਲ ਬਾਲੜੀਆਂ ਹੀ ਹੁੰਦੀਆਂ ਹਨ। ਯੂਨੀਸੈੱਫ਼ ਅਨੁਸਾਰ ‘ਦੁਨੀਆਂ ਭਰ ਦੀਆਂ ਸਭ ਤੋਂ ਵੱਧ ਵਿਆਹੁਤਾ ਬਾਲੜੀਆਂ ਭਾਰਤ ਵਿਚ ਪਾਈਆਂ ਜਾਂਦੀਆਂ ਹਨ ਤੇ 47 ਫ਼ੀਸਦੀ ਕੁੜੀਆਂ ਨੂੰ ਤਾਂ ਅਠਾਰਾਂ ਵਰ੍ਹਿਆਂ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਵਿਆਹ ਦਿੱਤਾ ਜਾਂਦਾ ਹੈ। ਇਹ ਵਰਤਾਰਾ ਵਧੇਰੇ ਕਰਕੇ ਪੇਂਡੂ ਖੇਤਰਾਂ ਵਿਚ ਵਾਪਰਦਾ ਹੈ।

ਰੁਝਾਨ ਖਬਰਾਂ